ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਪਿੰਡ ਚੱਕ ਬਿਲਗਾਂ ਵਿਖੇ ‘ ਸਾਉਣੀ ਦੀਆਂ ਉੱਨਤ ਕਿਸਮਾਂ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ’ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਿਤ
ਨਵਾਂਸ਼ਹਿਰ 26 ਜੂਨ (ਹਰਿੰਦਰ ਸਿੰਘ)ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਅਗਵਾਈ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ‘ਖੇਤ ਬਚਾਓ ਅਭਿਆਨ’ ਤਹਿਤ ਬੰਗਾ ਬਲਾਕ ਦੇ ਪਿੰਡ ਚੱਕ ਬਿਲਗਾਂ ਵਿਖੇ ਇੱਕ ਰੋਜ਼ਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਦੀ ਯੋਗ ਰਹਿਨੁਮਾਈ ਹੇਠ ਆਯੋਜਿਤ ਹੋਇਆ।ਕੈਂਪ ਦੌਰਾਨ ਮਾਹਿਰਾਂ ਵੱਲੋਂ ਟਿਕਾਊ ਖੇਤੀ ਤਕਨੀਕਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਦੀ ਪਰਖ ਕਰਵਾਉਣ, ਫ਼ਸਲ ਦੀ ਪੈਦਾਵਾਰ ਬਣਾਈ ਰੱਖਣ ਲਈ ਲੋੜ ਮੁਤਾਬਕ ਖਾਦਾਂ ਪਾਉਣ ਅਤੇ ਖ਼ਰੀਫ਼ ਫ਼ਸਲਾਂ ਦੀਆਂ ਉੱਨਤ ਕਿਸਮਾਂ ਦੇ ਬੀਜਾਂ ਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਗਿਆ।ਡਾ. ਬਲਜੀਤ ਸਿੰਘ, ਅਸਿਸਟੈਂਟ ਪ੍ਰੋਫੈਸਰ (ਕੀਟ ਵਿਗਿਆਨ) ਨੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਮਿੱਟੀ ਪਰਖ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਨੇ ਝੋਨੇ ਦੀ ਫ਼ਸਲ ਵਿੱਚ ਲੱਗਣ ਵਾਲੀਆ ਬੀਮਾਰੀਆ ਦੀ ਰੋਕਥਾਮ ਬਾਰੇ ਵੀ ਚਰਚਾ ਕੀਤੀ।ਡਾ. ਤੇਜਬੀਰ ਸਿੰਘ, ਅਸਿਸਟੈਂਟ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਗਰਮੀ ਦੇ ਮੌਸਮ ਕਾਰਨ ਪਸ਼ੂਆਂ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਮੌਕੇ ‘ਤੇ ਹੀ ਹੱਲ ਦੱਸੇ। ਉਨ੍ਹਾਂ ਨੇ ਪਸ਼ੂਆਂ ਦੀ ਸਿਹਤ ਨੂੰ ਬਿਹਤਰ ਰੱਖਣ ਲਈ ਵਿਹਾਰਕ ਸੁਝਾਅ ਅਤੇ ਉਪਾਅ ਸਾਂਝੇ ਕੀਤੇ।ਇਸ ਕੈਂਪ ਦੌਰਾਨ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬੰਗਾ ਦੇ ਅਧਿਕਾਰੀਆਂ ਨੇ ਵੀ ਕਿਸਾਨਾਂ ਨੂੰ ਵਾਤਾਵਰਣ ਦੀ ਸੰਭਾਲ, ਮਿੱਟੀ ਦੀ ਸਿਹਤ ਸੁਧਾਰਨ ਅਤੇ ਟਿਕਾਊ ਖੇਤੀ ਲਈ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਉੱਨਤ ਬੀਜਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸੈਕਟਰੀ ਪਰਮਿੰਦਰ ਸਿੰਘ, ਵਿਕਾਸ ਸਿੰਘ ਏ ਈ ਓ, ਪਿੰਡ ਚੱਕ ਬਿਲਗਾ ਦੇ ਕਿਸਾਨਾਂ ਚੋਂ ਚੰਦਰ ਮੋਹਨ, ਗੁਰਸੇਵਕ ਸਿੰਘ, ਮੁਖਤਿਆਰ ਸਿੰਘ ਆਦਿ ਨੇ ਹਿੱਸਾ ਲਿਆ।

