ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੋਹੜਾਂ ਵਾਲਾ ਵਿਖੇ ਪੰਜ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਫਲਤਾਪੂਰਵਕ ਸੰਪੂਰਨ
ਨਵਾਂਸ਼ਹਿਰ 29 ਜੂਨ (ਹਰਿੰਦਰ ਸਿੰਘ)ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ, ਨਵਾਂ ਸ਼ਹਿਰ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੋਹੜਾਂ ਵਾਲਾ ਵਿਖੇ ਲਗਾਇਆ ਗਿਆ ਪੰਜ ਰੋਜ਼ਾ ਗੁਰਮਤਿ ਸਿਖਲਾਈ ਕੈਂਪ ਬੜੀ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਸਫਲਤਾਪੂਰਵਕ ਸੰਪੂਰਨ ਹੋਇਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਭਾਗ ਲੈ ਕੇ ਗੁਰਸਿੱਖੀ ਜੀਵਨ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕੀਤੀ।ਕੈਂਪ ਦੌਰਾਨ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਸਿੱਖ ਰਹਿਤ ਮਰਿਆਦਾ, ਗੁਰ ਇਤਿਹਾਸ, ਸਿੱਖ ਇਤਿਹਾਸ, ਨਿੱਤਨੇਮ ਬਾਣੀਆਂ, ਗੁਰਬਾਣੀ ਦੇ ਸ਼ੁੱਧ ਉਚਾਰਨ, ਅਰਦਾਸ ਦੀ ਮਹੱਤਤਾ, ਗੁਰਦੁਆਰਾ ਮਰਿਆਦਾ ਅਤੇ ਗੁਰਸਿੱਖ ਜੀਵਨ ਜਾਚ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ-ਨਾਲ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ, ਚੰਗੇ ਆਚਰਨ, ਮਾਪਿਆਂ ਦੇ ਸਤਿਕਾਰ, ਨਸ਼ਿਆਂ ਤੋਂ ਦੂਰ ਰਹਿਣ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਜੀਵਨ ਮਾਰਗ ‘ਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ ਗਿਆ।ਕੈਂਪ ਦੇ ਅਖੀਰਲੇ ਦਿਨ ਬੱਚਿਆਂ ਦਾ ਗੁਰਮਤਿ ਸਬੰਧੀ ਟੈਸਟ ਲਿਆ ਗਿਆ, ਜਿਸ ਵਿੱਚ ਬੱਚਿਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ। ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਛੋਟੇ-ਛੋਟੇ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਮਾਪਿਆਂ ਅਤੇ ਸੰਗਤਾਂ ਨੇ ਵੀ ਬੱਚਿਆਂ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਜਿਹੇ ਕੈਂਪ ਸਮੇਂ-ਸਮੇਂ ‘ਤੇ ਲਗਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।ਇਸ ਕੈਂਪ ਵਿੱਚ ਗੁਰਮਤਿ ਪ੍ਰਚਾਰ ਦੀ ਸੇਵਾ ਭਾਈ ਜਰਨੈਲ ਸਿੰਘ (ਨਵਾਂ ਸ਼ਹਿਰ), ਭਾਈ ਸਿਮਰਪ੍ਰੀਤ ਸਿੰਘ (ਜੈਤੋ), ਭਾਈ ਅਰਸ਼ਦੀਪ ਸਿੰਘ (ਬਠਿੰਡਾ) ਅਤੇ ਭਾਈ ਸਹਿਜਦੀਪ ਸਿੰਘ (ਮਾਛੀਵਾੜਾ) ਵੱਲੋਂ ਨਿਭਾਈ ਗਈ। ਪ੍ਰਚਾਰਕਾਂ ਨੇ ਬੱਚਿਆਂ ਨੂੰ ਗੁਰਬਾਣੀ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸੱਚੇ ਗੁਰਸਿੱਖ ਬਣਨ ਦਾ ਸੰਦੇਸ਼ ਦਿੱਤਾ।ਸਮੁੱਚੇ ਕੈਂਪ ਦਾ ਸੁਚੱਜਾ ਪ੍ਰਬੰਧ ਭਾਈ ਮੁਹਿੰਦਰ ਸਿੰਘ, ਭਾਈ ਗੁਰਮੁਖ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਦਿਲਦਾਰ ਸਿੰਘ, ਭਾਈ ਰਾਜਵੰਤ ਸਿੰਘ, ਬੀਬੀ ਕਮਲਪ੍ਰੀਤ ਕੌਰ ਅਤੇ ਭਾਈ ਗੁਰਸ਼ਰਨ ਪਾਲ ਸਿੰਘ ਵੱਲੋਂ ਨਿਭਾਇਆ ਗਿਆ। ਅੰਤ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮਤਿ ਪ੍ਰਚਾਰ ਕੇਂਦਰ ਵੱਲੋਂ ਸਮੂਹ ਸੰਗਤ, ਸੇਵਾਦਾਰਾਂ, ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਅਜਿਹੇ ਕੈਂਪ ਭਵਿੱਖ ਵਿੱਚ ਵੀ ਲਗਾਤਾਰ ਲਗਾਏ ਜਾਂਦੇ ਰਹਿਣਗੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਿਆ ਜਾ ਸਕੇ।

