ਪੀ ਏ ਯੂ- ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਸਬਜ਼ੀਆਂ ਅਤੇ ਫਲਦਾਰ ਪੌਦਿਆਂ ਦੀ ਪਨੀਰੀ ਅਤੇ ਬੀਜ ਉਤਪਾਦਨ ਸੰਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ

ਨਵਾਂਸ਼ਹਿਰ 25 ਅਗਸਤ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ., ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 18 ਤੋਂ 22 ਅਗਸਤ, 2025 ਤੱਕ ‘ਸਬਜ਼ੀਆਂ ਅਤੇ ਫਲਦਾਰ ਪੌਦਿਆਂ ਦੀ ਪਨੀਰੀ ਅਤੇ ਬੀਜ ਉਤਪਾਦਨ’ ਸੰਬੰਧੀ 5 ਦਿਨਾਂ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਗਿਆ।ਸਿਖਲਾਈ ਕੋਰਸ ਦੌਰਾਨ, ਕੇ.ਵੀ.ਕੇ. ਦੇ ਮਾਹਿਰਾਂ ਨੇ ਬਾਗਬਾਨੀ ਫਸਲਾਂ ਵਿੱਚ ਪਨੀਰੀ ਅਤੇ ਬੀਜ ਉਤਪਾਦਨ ਦੇ ਵੱਖ-ਵੱਖ ਪਹਿਲੂਆਂ ‘ਤੇ ਤਕਨੀਕੀ ਜਾਣਕਾਰੀ ਦਿੱਤੀ। ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਸਿਖਿਆਰਥੀਆਂ ਨੂੰ ਪਨੀਰੀ ਤਿਆਰ ਕਰਨ ਦੇ ਲਾਭ, ਬਾਗਬਾਨੀ ਫਸਲਾਂ ਦੀ ਪਨੀਰੀ ਤਿਆਰ ਕਰਨ ਦੇ ਵੱਖ-ਵੱਖ ਤਰੀਕਿਆਂ, ਜਗ੍ਹਾ ਦੀ ਚੋਣ,ਜ਼ਮੀਨ ਦੀ ਤਿਆਰੀ, ਮਿੱਟੀ ਦੀ ਸੋਧ, ਬੀਜ ਦੀ ਸੋਧ, ਬਿਜਾਈ ਦੀ ਵਿਧੀ, ਮਲਚਿੰਗ, ਨਰਸਰੀ ਵਿੱਚ ਪੌਦ-ਸੁਰੱਖਿਆ, ਪਨੀਰੀ ਖੇਤ ਵਿੱਚ ਲਾਉਣ ਦੀ ਵਿਧੀ ਅਤੇ ਬੀਜ ਉਤਪਾਦਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਿਸ ਨਾਲ ਖੇਤ ਮਜ਼ਦੂਰਾਂ ਅਤੇ ਸਰੋਤਾਂ ਦੀ ਕੁਸ਼ਲ ਵਰਤੋਂ ਕੀਤੀ ਜਾ ਸਕੇ।ਇਸ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿੱਖੇ ਫਲਾਂ ਦੇ ਪੌਦਿਆਂ ਦੀ ਪਨੀਰੀ ਅਤੇ ਪਿਉਂਦ ਰਾਹੀਂ ਬੂਟੇ ਤਿਆਰ ਕਰਨ ਦੀ ਤਕਨੀਕੀ ਜਾਨਕਾਰੀ ਦੇਣ ਲਈ ਇੱਕ ਵਿਦਿਅਕ ਦੌਰਾ ਵੀ ਕਰਵਾਇਆ ਗਿਆ।ਇਸ ਦੌਰੇ ਦੌਰਾਨ, ਡਾ. ਸਵਪਨ ਪਾਂਡੇ (ਫਲ ਵਿਗਿਆਨੀ) ਅਤੇ ਪ੍ਰੀਤਮ ਸਿੰਘ (ਏ ਐਸ ਆਈ/ਬ.ਡ.ਰ) ਨੇ ਸਿਖਿਆਰਥੀਆਂ ਨੂੰ ਫਲਾਂ ਦੇ ਪੌਦਿਆਂ ਵਿੱਚ ਗ੍ਰਾਫਟਿੰਗ, ਬਡਿੰਗ ਅਤੇ ਲੇਅਰਿੰਗ ਦੀਆਂ ਵੱਖ-ਵੱਖ ਤਕਨੀਕਾਂ ਵੀ ਸਿਖਾਈਆਂ।ਇਸ ਲੜੀ ਅਧੀਨ ਡਾ. ਪ੍ਰਦੀਪ ਕੁਮਾਰ, ਡਿਪਟੀ ਡਾਇਰੈਕਟਰ (ਸਿਖਲਾਈ) ਨੇ ਸਿਖਿਆਰਥੀਆਂ ਨੂੰ ਸਿਖਲਾਈ ਦੌਰਾਨ ਮਿਲੀ ਤਕਨੀਕੀ ਜਾਣਕਾਰੀ ਲੈਣ ਤੋਂ ਉਪਰੰਤ ਇਸ ਨੂੰ ਕਿੱਤੇ ਵਜੋਂ ਅਪਨਾਉਣ ਲਈ ਪ੍ਰੇਰਿਆ ਅਤੇ ਇਸ ਸਬੰਧੀ ਹਰ ਸਹਾਇਤਾ ਬਾਬਤ ਇਸ ਕੇਂਦਰ ਦੀ ਵਚਨਬੱਧਤਾ ਦੁਹਰਾਈ।

Leave a Reply

Your email address will not be published. Required fields are marked *

error: Content is protected !!