ਨਵਾਂਸ਼ਹਿਰ 31 ਅਗਸਤ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਿਕ ਤੇ ਬੱਬਰਾਂ ਦੇ ਪਿੰਡ ਦੇ ਨਾਂ ਨਾਲ ਜਾਣੇ ਜਾਂਦੇ ਪਿੰਡ ਦੌਲਤਪੁਰ ਦੇ ਬੱਬਰ ਕਰਮ ਸਿੰਘ ਦੌਲਤਪੁਰ ਮੈਮੋਰੀਅਲ ਟਰੱਸਟ ਤੇ ਸਕੂਲ ਵਿਖੇ ਬੰਬੇਲੀ ਸਾਕੇ ਦੇ ਅਮਰ ਸ਼ਹੀਦਾਂ ਬੱਬਰ ਕਰਮ ਸਿੰਘ ਐਡੀਟਰ ਦੌਲਤਪੁਰੀ,ਬੱਬਰ ਉਦੈ ਸਿੰਘ ਰਾਮਗੜ੍ਹ ਝੁੱਗੀਆਂ, ਬੱਬਰ ਬਿਸ਼ਨ ਸਿੰਘ ਮਾਂਗਟ,ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਯਾਦ ਨੂੰ ਤਾਜ਼ਾ ਕਰਦਿਆਂ 102 ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਅੱਜ ਦੂਸਰੇ ਦਿਨ ਦੇ ਸਮਾਗਮ ਵਿੱਚ ਵੱਖ ਵੱਖ ਸਕੂਲਾਂ ਤੋਂ ਆਏ ਬੱਚਿਆਂ ਦੇ ਧਾਰਮਿਕ ਤੇ ਵਿਦਿਅਕ ਮੁਕਾਬਲੇ ਕਰਵਾਏ ਗਏ। ਬੱਚਿਆਂ ਵਲੋਂ ਭਾਸਣ ਪ੍ਰਤੀਯੋਗਤਾ ਮੁਕਾਬਲੇ,ਸੁੰਦਰ ਲਿਖਾਈ ਮੁਕਾਬਲੇ, ਡਰਾਇੰਗ ਤੇ ਪੇਂਟਿੰਗ ਮੁਕਾਬਲੇ, ਦਸਤਾਰ ਸਜਾਉਣ ਦੇ ਮੁਕਾਬਲੇ, ਕੁਇਜ਼ ਮੁਕਾਬਲਿਆਂ ਤੋਂ ਇਲਾਵਾ ਤੇ ਕੋਰੀਓਗ੍ਰਾਫੀ ਅਤੇ ਕਵੀਸ਼ਰੀ ਆਦਿ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਅੱਜ ਦੇ ਇਸ ਧਾਰਮਿਕ/ ਵਿਦਿਅਕ ਮੁਕਾਬਲਿਆਂ ਵਿੱਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਐਸ ਪੀ ਨਵਾਂਸ਼ਹਿਰ ਸਰਬਜੀਤ ਸਿੰਘ ਬਾਹੀਆ ਨੇ ਅਸ਼ੀਰਵਾਦ ਦੇਣ ਲਈ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਸ. ਪੀ. ਸਰਬਜੀਤ ਸਿੰਘ ਬਾਹੀਆ ਨੇ ਬੱਚਿਆਂ ਨੂੰ ਨਸ਼ਿਆਂ ਤੇ ਪਤਿਤਪੁਣੇ ਤੋਂ ਦੂਰ ਰਹਿ ਕੇ ਪੜ੍ਹਾਈ ਦੇ ਨਾਲ ਨਾਲ ਧਰਮ ਦਾ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਬੰਬੇਲੀ ਸਾਕੇ ਦੇ ਸਮੂਹ ਅਮਰ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੀ ਸਮਾਪਤੀ ਉਪਰੰਤ ਐਸ ਪੀ ਬਾਹੀਆ ਵੱਲੋਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਸਕੂਲੀ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੇ ਮੈਂਬਰਾਂ ਤੇ ਸਕੂਲ ਪ੍ਰਬੰਧਕਾਂ ਵੱਲੋਂ ਸ਼ਹੀਦੀ ਸਮਾਗਮ ਵਿੱਚ ਸ਼ਿਰਕਤ ਕਰਨ ਤੇ ਮੁੱਖ ਮਹਿਮਾਨ ਐਸ.ਪੀ ਸਰਬਜੀਤ ਸਿੰਘ ਬਾਹੀਆਂ ਤੇ ਹੋਰ ਹਾਜ਼ਰ ਖਾਸ ਪਤਵੰਤਿਆਂ ਨੂੰ ਸਨਮਾਨ ਚਿੰਨ ਦੇਖ ਕੇ ਸਨਮਾਨਿਤ ਕੀਤਾ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸੰਸਥਾ ਦੀ ਪ੍ਰਿੰਸੀਪਲ ਮੈਡਮ ਰਾਜ ਰਾਣੀ ਨੇ ਬਾਖੂਬੀ ਨਿਭਾਈ ਉਨ੍ਹਾਂ ਨੇ ਸਮੇਂ ਸਮੇਂ ਤੇ ਬੰਬੇਲੀ ਸਾਕੇ ਦੇ ਸ਼ਹੀਦਾਂ ਦੇ ਜੀਵਨ ਤੇ ਪੰਛੀ ਝਾਤ ਪਾਉਂਦਿਆਂ ਬੱਚਿਆਂ ਨੂੰ ਬੱਬਰਾਂ ਦੀ ਸ਼ਹੀਦੀ ਤੋਂ ਵੀ ਜਾਣੂ ਕਰਵਾਇਆ। ਸਕੂਲ ਦੇ ਸੂਝਵਾਨ ਅਧਿਆਪਕਾਂ ਵਲੋਂ ਵੱਖ ਵੱਖ ਈਵੈਂਟ ਲਈ ਜੱਜਾਂ ਦੀ ਭੂਮਿਕਾ ਬਾਖੂਬੀ ਨਿਭਾਈ ਤੇ ਬੱਚਿਆਂ ਨੂੰ ਅਨੁਸ਼ਾਸਨ ਵਿਚ ਰੱਖਣ ਦੀ ਮਿਸਾਲ ਪੇਸ਼ ਕੀਤੀ ਗਈ। ਸਮਾਗਮ ਦੌਰਾਨ ਚਾਹ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਅੱਜ ਦੇ ਇਸ ਸਮਾਗਮ ਵਿੱਚ ਨਵਾਂਸ਼ਹਿਰ ਤੋਂ ਬਸਪਾ ਦੇ ਵਿਧਾਇਕ ਡਾਕਟਰ ਨਛੱਤਰ ਪਾਲ ਤੋਂ ਇਲਾਵਾ ਐਡਵੋਕੇਟ ਗੁਰਵਿੰਦਰ ਸਿੰਘ ਸੈਣੀ ਪ੍ਰਧਾਨ ਪੁਕਾਰ ਫਾਊਂਡੇਸ਼ਨ ਪੰਜਾਬ, ਸੰਤੋਖ ਸਿੰਘ ਐਮ.ਡੀ. ਸ਼ਿਵਾਲਿਕ ਰੈਸਟੋਰੈਂਟ ਬਲਾਚੌਰ, ਮਦਨ ਗੋਪਾਲ ਸੈਣੀ ਜਨਰਲ ਸਕੱਤਰ ਪੁਕਾਰ ਫਾਊਂਡੇਸ਼ਨ ਪੰਜਾਬ, ਅਮਰਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਰੂਪਨਗਰ, ਗੁਰਜਿੰਦਰ ਸਿੰਘ ਦੌਲਤਪੁਰ, ਟਰਸਟ ਦੇ ਪ੍ਰਧਾਨ ਕੇਹਰ ਸਿੰਘ ਥਾਂਦੀ, ਵਾਈਸ ਪ੍ਰਧਾਨ ਤਰਨਜੀਤ ਸਿੰਘ ਥਾਂਦੀ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਬੱਬਰ ਕਰਮ ਸਿੰਘ ਦੌਲਤਪੁਰ ਸਕੂਲ ਦਾ ਸਮੁੱਚਾ ਸਟਾਫ,ਨਗਰ ਦੌਲਤਪੁਰ ਦੇ ਸਰਪੰਚ ਹਰਮਨਦੀਪ ਸਿੰਘ, ਵਰਿੰਦਰ ਸਿੰਘ ਐਸ ਪੀ ਸੁਰੱਖਿਆ (ਜਲੰਧਰ ਤੋਂ) ਪਰਿਵਾਰ ਸਮੇਤ, ਨਗਰ ਦੌਲਤਪੁਰ ਦੀ ਸੰਗਤ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਹਾਜ਼ਰ ਰਹੇ।




