ਪੰਜਾਬ ਵਸਦਾ ਗੁਰਾਂ ਦੇ ਨਾਂ ਤੇ…..! ਆਫਤਾਂ ਦੇ ਪਾਣੀ ਤੇ ਵੀ ਸਿਆਸਤ। ਰਾਹਤ ਸਮੱਗਰੀ ਦੀ ਬੇਕਦਰੀ। ਲੋਕ ਬੇਹਾਲ – ਲੀਡਰ ਵੱਟਾਂ ਤੇ ਖੜ੍ਹ ਫੋਟੋ ਖਿਚਵਾਉਣ ਤੱਕ ਸੀਮਤ। ਪਾਰਟੀਆਂ ਦੇ ਸਪੋਕਸਮੈਨ ਚੈਨਲਾਂ ਤੇ ਛਿੱਤਰੋ ਛਿੱਤਰੀ

ਅੱਜ ਹੋਰ ਇੱਕ ਦਰਦ…✍️

ਕਹਿੰਦੇ ਹਨ ਕਿ ਪੰਜਾਬ ਵੱਸਦਾ ਗੁਰਾਂ ਦੇ ਨਾਂ ਤੇ,ਇਥੇ ਗੁਰੂਆਂ,ਪੀਰਾਂ,ਪੈਗ਼ੰਬਰਾਂ, ਸਾਧੂ ਸੰਤਾਂ ਤੇ ਸੂਰਬੀਰ ਜੋਧਿਆਂ ਨੇ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਵੀ ਸਮੇਂ ਸਮੇਂ ਤੇ ਬਣੀ ਬਿਪਤਾ ਤੇ ਦੁਸ਼ਮਣ ਦੀਆਂ ਕੋਝੀਆਂ ਕਰਤੂਤਾਂ ਨੂੰ ਵੀ ਹਿੱਕਾਂ ਡਾਹ ਕੇ ਰੋਕਿਆ ਤੇ ਨਾਕਾਮ ਵੀ ਕੀਤਾ। ਇਥੇ ਇਹ ਕਹਿਣ ਤੋਂ ਗ਼ੁਰੇਜ਼ ਨਹੀ ਕਰਾਂਗਾ ਕਿ ਪੰਜਾਬ ਨੂੰ ਬਾਹਰਲਿਆਂ ਨਾਲੋਂ ਜ਼ਿਆਦਾ ਆਪਣਿਆਂ ਨੇ ਹੀ ਆਪਣੇ ਨਿੱਜ ਸਵਾਰਥ ਲਈ ਲੁੱਟਿਆ, ਕੁੱਟਿਆ ਤੇ ਉਜਾੜਿਆ ਹੈ।ਪੰਜਾਬ ਨੇ ਸਮੇਂ ਸਮੇਂ ਤੇ ਆਪਣੇ ਪਿੰਡੇ ਤੇ ਬਹੁਤ ਸੰਤਾਪ ਹੰਢਾਇਆ ਹੈ। ਪਹਿਲਾਂ 1947 ਦੀ ਵੰਡ,1966 ਚ ਪੰਜਾਬੀ ਸੂਬੇ ਦੀ ਵੰਡ, ਜੂਨ ਤੇ ਨਵੰਬਰ 1984 ਦੀ ਸਿਖ ਨਸਲਕੁਸ਼ੀ, ਅੱਤਵਾਦ ਦੇ ਦੌਰ ਆਦਿ ਸਾਰੇ ਬਿਰਤਾਂਤ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਹੈ ਤੇ ਮੌਜੂਦਾ ਸਮੇਂ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੇ ਘਰ ਘਰ ਲੋਥਾਂ ਦੇ ਸੱਥਰ ਵਿਛਾ ਦਿੱਤੇ। ਖੈਰ ਗੱਲ ਅੱਜ ਦੇ ਮੁੱਦੇ ਜਾਂ ਸੰਕਟ ‘ਤੇ ਕਰਾਂ ਤਾਂ ਪੰਜਾਬ ਹੁਣ ਤੱਕ ਪਾਣੀਆਂ ਦੇ ਮੁੱਦੇ ਤੇ ਹਮੇਸ਼ਾਂ ਸਿਆਸਤਦਾਨਾਂ ਦੀ ਭੇਂਟ ਚੜ੍ਹਿਆ ਹੈ ਭਾਵੇਂ ਉਹ ਆਫਤਾਂ ਦਾ ਪਾਣੀ ਹੋਵੇ ਭਾਵੇਂ ਜਰੂਰਤਾਂ ਦਾ। ਬੀਤੇ ਕਈ ਰੋਜ ਤੋਂ ਪੈ ਰਹੇ ਭਾਰੇ ਮੀਂਹ ਕਾਰਨ ਪੰਜਾਬ ਦੇ ਕਰੀਬ ਸੱਤ ਤੋਂ ਅੱਠ ਜ਼ਿਲ੍ਹਿਆਂ ਨੂੰ ਖ਼ਵਾਜ਼ਾ ਪੀਰ (ਹੜ੍ਹਾਂ ਦੇ ਪਾਣੀ) ਨੇ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਜਿੱਥੇ ਲੋਕ ਘਰੋਂ ਬੇਘਰ ਹੋ ਕੇ ਰਾਤ ਨੂੰ ਛੱਤਾਂ ਤੇ ਗੁਜ਼ਾਰਾ ਤੇ ਦਿਨ ਬਸਰ ਕਰ ਰਹੇ ਹਨ, ਉੱਥੇ ਕਈ ਸਰਹੱਦੀ ਖੇਤਰਾਂ ਦੇ ਲੋਕ ਘਰਾਂ ਵਿੱਚ ਆਪਣਾ ਵਡਮੁੱਲਾ ਤੇ ਕੀਮਤੀ ਸਮਾਨ ਛੱਡ ਕੇ ਸੁਰੱਖਿਅਤ ਜਗ੍ਹਾ ਤੇ ਹਿਜਰਤ ਜਾਂ ਪਲਾਇਨ ਕਰਨ ਲਈ ਮਜਬੂਰ ਹਨ। ਇਨਸਾਨ ਦੀ ਗੱਲ ਛੱਡੋ ਬੇ ਜੁਬਾਨ ਪਸੂ ਜਿਨ੍ਹਾਂ ਤੋਂ ਅੱਜ ਦਾ ਮਨੁੱਖ ਦੁੱਧ ਦਾ ਕਾਰੋਬਾਰ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਗੁਜ਼ਾਰਾ ਬਸ਼ਰ ਕਰ ਰਿਹਾ ਹੈ, ਉਨ੍ਹਾਂ ਚੋਂ ਕਈ ਪਾਣੀ ਵਿੱਚ ਰੁੜ ਗਏ ਤੇ ਕਈ ਬਿਨਾਂ ਚਾਰੇ (ਕੱਖ ਕੰਡੇ) ਤੋਂ ਭੁੱਖੇ ਮਰ ਗਏ, ਜਿਨ੍ਹਾਂ ਦੀ ਕਿਸੇ ਨੇ ਬਹੁਤਾਤ ਵਿੱਚ ਸਾਰ ਤੱਕ ਨਹੀਂ ਲਈ। ਸਰਕਾਰ ਦੇ ਰਾਹਤ ਕਾਰਜ ਮੁੱਹਈਆ ਕਰਵਾਉਣ ਦੇ ਦਾਅਵੇ ਖੋਖਲੇ ਨਜ਼ਰ ਆ ਰਹੇ ਹਨ ਤੇ ਇਨ੍ਹਾਂ ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ। ਚੈਨਲਾਂ ਦੇ ਹਵਾਲੇ ਨਾਲ ਲੋਕਾਂ ਨੂੰ ਪਹੁੰਚਾਈ ਜਾ ਰਹੀ ਰਾਹਤ ਸਮੱਗਰੀ ਦੀ ਇਸ ਤਰ੍ਹਾਂ ਬੇਕਦਰੀ ਕੀਤੀ ਜਾ ਰਹੀ ਹੈ ਕਿ ਸਰਕਾਰ ਦੇ ਉਡਨ ਖਟੋਲੇ ਖਾਣ ਪੀਣ ਵਾਲੀ ਰਸਦ ਨੂੰ ਕਿਸੇ ਵੀ ਅਗਿਆਤ ਜਗ੍ਹਾ ਤੇ ਜਾਂ ਛੱਤਾਂ ਤੇ ਬਿਨਾਂ ਦੇਖੇ ਸੁੱਟ ਕੇ (ਜੋ ਕਿ ਲੋਕਾਂ ਦੀ ਪਹੁੰਚ ਤੋਂ ਦੂਰ ) ਖਾਨਾ ਪੂਰਤੀ ਕਰਨ ਵਿੱਚ ਮਸ਼ਰੂਫ ਹਨ। ਲੋਕ ਹਾਲੋਂ ਬੇਹਾਲ ਹੋ ਰਹੇ ਹਨ। ਮਾਸੂਮ ਤੇ ਨੰਨ੍ਹੇ ਬੱਚਿਆਂ ਨੂੰ ਪੀਣ ਲਈ ਪਸ਼ੂ ਦਾ ਦੁਧਾਰੂ ਦੁੱਧ ਦੇਣ ਦੀ ਬਜਾਏ ਸੁੱਕਾ ਪਾਊਡਰ ਦੇ ਕੇ ਸਰਕਾਰ ਆਪਣੀ ਜਿੱਤ ਦੇ ਦਮਗਜੇ ਮਾਰ ਕੇ ਆਪਣੀ ਹੀ ਪਿੱਠ ਥਾਪੜ ਰਹੀ ਹੈ। ਇਥੋਂ ਤੱਕ ਕਿ ਸਮੇਂ ਦੇ ਹੁਕਮਰਾਨ ਲੋਕਾਂ ਨੂੰ ਰਾਹਤ ਕਾਰਜ ਮੁੱਹਈਆ ਕਰਵਾਉਣ ਦੇ ਨਾਂ ਦਾ ਡਰਾਮਾ ਕਰਦੇ ਹੋਏ ਖੇਤਾਂ ਦੇ ਵੱਟ ਬੰਨਿਆਂ ਤੇ ਖੜ੍ਹ ਕੇ ਗੋਡਿਆਂ ਤੱਕ ਪਜਾਮੇ ਚਾੜ੍ਹ ਫੋਟੋ ਖਿਚਾਉਣ ਤੱਕ ਸੀਮਤ ਹਨ ਅਤੇ ਪਾਰਟੀਆਂ ਦੇ ਸਪੋਕਸਮੈਨ ਆਪਣੇ ਆਕਾਵਾਂ ਨੂੰ ਕ੍ਰੈਡਿਟ ਦੇਣ ਪਹੁੰਚਾਉਣ ਖਾਤਰ ਚੈਨਲਾਂ ਤੇ ਛਿੱਤਰੋ ਛਿੱਤਰੀ ਹੁੰਦੇ ਆਮ ਦੇਖੇ ਜਾ ਸਕਦੇ ਹਨ। ਕੁਝ ਕੁ ਰਿਆਸਤੀ ਲੀਡਰ ਮਹਿੰਗੀਆਂ ਕਿਸ਼ਤੀਆਂ ਤੇ ATOR- N1200 ਨਾਂ ਦੀ ਅਗਨ ਬੋਟ ਵਿੱਚ ਬੈਠ ਕੇ ਪਾਣੀ ਵਿਚ ਝੂਟੇ ਲੈਂਦੇ ਆਮ ਦੇਖੇ ਗਏ, ਪਰ ਅਸਲ ਵਿੱਚ ਅੱਜ ਵੀ ਰੋਂਦੇ ਹੋਏ ਪੰਜਾਬ ਦਾ ਦਰਦ ਕਿਸੇ ਨੀ ਜਾਣਿਆ। ਸਰਕਾਰ ਲਈ ਸਿਹਤ, ਸਿੱਖਿਆ, ਕਿਸਾਨੀ ਤੇ ਜਵਾਨੀ ਵਰਗੀਆਂ ਸਹੂਲਤਾਂ ਗਲ਼ੇ ਦੀ ਹੱਡੀ ਬਣੀਆਂ ਹੋਈਆਂ ਹਨ।ਪਰ ਕਹਾਵਤ ਹੈ ਕਿ ਜੇ ਨੀਤ ਸਾਫ ਹੋਵੇ ਤਾਂ ਨੀਤੀਆਂ ਠੀਕ ਕਰਨ ਲਈ ਦੇਰ ਨਹੀਂ ਲੱਗਦੀ, ਪਰਨਾਲਾ ਉੱਥੇ ਦਾ ਉੱਥੇ ਹੀ ਹੈ।ਪਾਰਟੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਵਿਚ ਮੋਹਰੀ ਹਨ। ਜੇਕਰ ਦੂਸਰੇ ਪਹਿਲੂ ਦੀ ਗੱਲ ਕਰੀਏ ਤਾਂ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦਿਆਂ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਤੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ,(ਨਾਲ ਮੰਤਰੀ ਕੁਲਦੀਪ ਸਿੰਘ ਧਾਲੀਵਾਲ) ਅਜਨਾਲਾ ਇਲਾਕੇ ਦੇ ਕੁਝ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਗਏ ਤੇ ਅਰਦਾਸ ਕਰਦਿਆਂ ਭਾਵੁਕ ਹੋ ਕੇ ਫੁੱਟ ਫੁੱਟ ਰੋਂਦੇ ਵੇਖੇ ਗਏ। ਇਸ ਘਟਨਾਕ੍ਰਮ ਨੇ ਇਕ ਗ਼ਮਗੀਨ ਮਾਹੌਲ ਵੀ ਸਿਰਜਿਆ, ਜਦਕਿ ਅਜਿਹਾ ਅੱਜ ਤੱਕ ਪਹਿਲਾਂ ਕਦੇ ਨਹੀਂ ਸੀ ਹੋਇਆ। ਇਸੇ ਦੇ ਹੀ ਫਲਸਰੂਪ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਬੀਬਾ ਮਰੀਅਮ ਨਵਾਜ਼ ਨੇ ਗੁਰੂਦੁਆਰਾ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਚ ਭਰੇ ਹੜ੍ਹ ਦੇ ਪਾਣੀ ਨੂੰ ਕੁਝ ਘੰਟਿਆਂ ਵਿੱਚ ਹੀ ਸਾਫ ਕਰਵਾਉਣ ਦੀ ਮਿਸਾਲ ਪੇਸ਼ ਕੀਤੀ ਅਤੇ ਸਾਡੇ ਹੁਕਮਰਾਨਾਂ ਨੂੰ ਲਾਹਨਤਾਂ ਪਾਈਆਂ ਤੇ ਕਿਹਾ ਕਿ ਅਸੀਂ ਗੁਰੂ ਘਰ ਲਈ ਸਿੰਘ ਸੰਗਤ ਮੰਗੀ ਸੀ ਨਾ ਕਿ ਪਾਣੀਂ।ਇਸ ਤੋਂ ਪੰਜਾਬ ਦੀ ਹਿੱਕ ਤੇ ਵੱਜੇ ਅੱਲ੍ਹੇ ਫੱਟਾਂ ਦੀ ਤਸਵੀਰ ਦੀ ਸਾਫ ਝਲਕ ਪਈ। ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਬਿਪਤਾ ਦੀ ਘੜੀ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।ਇਸ ਗੱਲ ਲਈ ਗੁਰੂ ਸਾਹਿਬ ਦਾ ਧੰਨਵਾਦ ਕੀਤਾ ਜਾ ਸਕਦਾ ਹੈ।ਇਥੇ ਇਹ ਕਹਿਣਾ ਅਤਕਥਨੀ ਹੋਵੇਗੀ ਕਿ ਜੇਕਰ ਮੇਰੇ ਸੋਹਣੇ ਸੂਬੇ ਪੰਜਾਬ ਨੂੰ ਸਮਾਜ ਸੇਵੀ ਸੰਸਥਾਵਾਂ ਜਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਸਹਿਯੋਗ ਨਾ ਮਿਲੇ ਤਾਂ ਮੌਕੇ ਦੇ ਹਾਲਾਤ ਕੁਝ ਹੋਰ ਹੁੰਦੇ।
ਖੈਰ ਪੰਜਾਬ ਸਿਆਂ ਹੌਸਲਾ ਕਰ, ਤਕੜਾ ਹੋ, ਤੂੰ ਪਹਿਲਾਂ ਵੀ ਸਮੇਂ ਸਮੇਂ ਤੇ ਬਾਹਰੀ ਤੇ ਅੰਦਰਲੀ ਬਥੇਰੀ ਮਾਰ ਝੱਲੀ ਹੈ। ਤੂੰ ਫਿਰ ਖੁਸ਼ਹਾਲ ਤੇ ਆਬਾਦ ਹੋਵੇਗਾ,ਇਹ ਸਾਡਾ ਅਕੀਦਾ ਹੈ। ਸ਼ੱਬਾ ਖੈਰ ਕਰੇ।

ਘਰੋਂ ਬੇਘਰ ਇਨਸਾਨ ਹੋਇਆ,
ਪਸ਼ੂਆਂ ਦੀ ਜਾਨ ਦਾ ਪਾਣੀ ਵੈਰੀ ਹੋਇਆ,
ਉਜੜ ਰਿਹਾ ਵਿਹੜਾ ਪੰਜਾਬ ਦਾ
ਅੱਖਾਂ ਵਿਚ ਅਥਰੂ ਦੱਬ ਰੋ ਰਿਹਾ,
ਹੱਸਦਾ ਵੱਸਦਾ ਪੰਜਾਬ ਕਿਉਂ ਅੱਜ ਫਿਰ ਸਜ਼ਾ ਭੋਗ ਰਿਹਾ!
ਫਿਰ ਮਿਲਣ ਦੀ ਆਸ ਨਾਲ,
ਤੁਹਾਡਾ ਆਪਣਾ ਹਰਿੰਦਰ ਸਿੰਘ
ਪੱਤਰਕਾਰ ਨਿਊਜ਼ ਰੀਡਰ ਪੰਜਾਬ।
981472561

Leave a Reply

Your email address will not be published. Required fields are marked *

error: Content is protected !!