ਨੌਜਵਾਨਾਂ ਵੱਲੋਂ ਪ੍ਰਸ਼ਾਸਨ ਨਾਲ ਮਿਲਕੇ ਸਤਲੁਜ ਬੰਨ੍ਹ ‘ਤੇ ਕੀਤੀ ਗਈ ਸੇਵਾ ਕਾਬਲੇ ਤਾਰੀਫ ਹੈ – ਸਤਨਾਮ ਸਿੰਘ ਜਲਵਾਹਾ

ਨਵਾਂਸ਼ਹਿਰ 12 ਸਤੰਬਰ (ਹਰਿੰਦਰ ਸਿੰਘ ) ਪੰਜਾਬ ਵਿੱਚ ਜਿੱਥੇ ਬਹੁਤੇ ਜ਼ਿਲ੍ਹੇ ਪਾਣੀਂ ਦੀ ਮਾਰ ਹੇਠ ਆਏ ਹੋਏ ਹਨ ਅਤੇ ਲੋਕਾਂ ਦਾ ਭਾਰੀ ਗਿਣਤੀ ਵਿੱਚ ਜਾਨੀ ਮਾਲੀ ਨੁਕਸਾਨ ਹੋਇਆ ਹੈ ਅਤੇ ਲੋਕ ਘਰੋਂ ਬੇਘਰ ਹੋ ਗਏ ਹਨ ਉਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵੱਖ ਵੱਖ ਪਿੰਡਾਂ ਨਾਲ ਲਗਦੇ ਸਤਲੁਜ ਦਰਿਆ ਦੇ ਬੰਨ੍ਹ ਉਤੇ ਲਗਾਤਾਰ ਪਿਛਲੇ 15 ਦਿਨਾਂ ਤੋਂ ਕਾਫੀ ਥਾਵਾਂ ਉਤੇ ਧੁੱਸੀ ਬੰਨ੍ਹ ਦੀ ਸਥਿਤੀ ਕਾਫੀ ਨਾਜ਼ੁਕ ਤੇ ਚਿੰਤਾਜਨਕ ਬਣੀ ਹੋਈ ਸੀ। ਪਰ ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਸ ਜੋਸ਼ ਅਤੇ ਜਜ਼ਬੇ ਨਾਲ ਦਰਿਆ ਦੇ ਬੰਨ੍ਹ ਉਤੇ ਸੇਵਾ ਕੀਤੀ ਹੈ ਉਹ ਵਾਕਿਆ ਹੀ ਕਾਬਲੇ ਤਾਰੀਫ ਹੈ। ਗੱਲਬਾਤ ਕਰਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਦੱਸਿਆ ਕਿ ਜਿਥੇ ਪੂਰੇ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ, ਉਥੇ ਹੀ ਸੰਗਤਾਂ ਵੱਲੋਂ ਕੀਤੀ ਗਈ ਸੇਵਾ ਨੇ ਹਜ਼ਾਰਾਂ ਲੋਕਾਂ ਨੂੰ ਘਰੋਂ ਬੇਘਰ ਹੋਣ ਤੋਂ ਬਚਾਅ ਲਿਆ । ਸਾਰੇ ਜ਼ਿਲ੍ਹੇ ਦੇ ਬਜ਼ੁਰਗਾਂ ਨੌਜਵਾਨਾਂ ਮਾਵਾਂ ਭੈਣਾਂ ਤੇ ਬੱਚਿਆਂ ਵੱਲੋਂ ਕੀਤੀ ਸਿਰ ਤੋੜ ਮਿਹਨਤ ਅਤੇ ਪ੍ਰਸ਼ਾਸਨ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਦੀ ਬਦੌਲਤ ਹੀ ਹੁਣ ਤੱਕ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਪੂਰਾ ਇਲਾਕਾ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਿਆ ਹੋਇਆ ਹੈ। ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਵੱਲੋਂ ਜਿਥੇ ਗੁਰੂ ਕੇ ਲੰਗਰਾਂ, ਮਿੱਟੀ ਨਾਲ ਭਰੀਆਂ ਟਰਾਲੀਆਂ ਤੇ ਮਿੱਟੀ ਨਾਲ ਭਰੇ ਥੈਲਿਆਂ ਦੀ ਆਥਾਹ ਸੇਵਾ ਕੀਤੀ ਹੈ ਉਥੇ ਹੀ ਪੂਰੇ ਜ਼ਿਲ੍ਹੇ ਵਿੱਚੋਂ ਲੰਘਦੇ ਧੁੱਸੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ। ਲੋਕਾਂ ਨੂੰ ਇਸ ਕੁਦਰਤੀਂ ਕ੍ਰੋਪੀ ਤੋਂ ਬਚਾਉਣ ਲਈ ਲਈ ਵੀ ਪ੍ਰਸ਼ਾਸਨ ਨਾਲ ਮਿਲਕੇ ਇਲਾਕੇ ਦੇ ਨੌਜਵਾਨਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਹੈ। ਜਲਵਾਹਾ ਨੇ ਕਿਹਾ ਕਿ ਮਿਲਟਰੀ ਦੇ ਜਵਾਨਾਂ ਅਤੇ ਨਰੇਗਾ ਕਾਮਿਆਂ ਵੱਲੋਂ ਵੀ ਇਸ ਮੌਕੇ ਵੱਡਾ ਰੋਲ ਅਦਾ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਥੇ ਸਮੁੱਚੀਆਂ ਸੰਗਤਾਂ ਨੇ ਰਲਕੇ ਹੰਭਲਾ ਮਾਰਿਆ ਹੈ ਉਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਦੀ ਅਗਵਾਈ ਤੇ ਸਮੁੱਚੇ ਪ੍ਰਸ਼ਾਸਨ ਵੱਲੋਂ ਕੀਤੇ ਪੁਖਤਾ ਪ੍ਰਬੰਧਾਂ ਨੇ ਵੀ ਵੱਡਾ ਰੋਲ ਅਦਾ ਕੀਤਾ ਹੈ। ਲੋਕਾਂ ਨੂੰ ਬਚਾਉਣ ਲਈ ਸਾਰੇ ਅਧਿਕਾਰੀਆਂ ਨੇ ਆਪਣੀਂ ਡਿਊਟੀ ਨੂੰ ਪੂਰੀ ਜੁੰਮੇਵਾਰੀ ਨਾਲ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵੱਲੋਂ ਵੱਡਮੁੱਲਾ ਯੋਗਦਾਨ ਪਾਇਆ ਗਿਆ ਹੈ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *

error: Content is protected !!