ਨਵਾਂਸ਼ਹਿਰ 16 ਸਤੰਬਰ (ਹਰਿੰਦਰ ਸਿੰਘ) ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਨਵਾਂ ਸ਼ਹਿਰ ਵੱਲੋਂ ਹੜ ਪੀੜਤਾਂ ਲਈ ਪਹਿਲੇ ਦਿਨ ਤੋਂ ਹੀ ਰਾਹਤ ਸਮੱਗਰੀ ਵੱਖ-ਵੱਖ ਇਲਾਕਿਆਂ ਵਿੱਚ ਭੇਜੀ ਜਾਂ ਰਹੀ ਹੈ। ਹੁਣ ਸੁਸਾਇਟੀ ਵੱਲੋਂ ਹੜ੍ਹ ਪੀੜਤ ਇਲਾਕਿਆਂ ਵਿਖੇ ਮੈਡੀਕਲ ਕੈਂਪ ਲਗਾਉਣ ਅਤੇ ਘਰ-ਘਰ ਜਾ ਕੇ ਜ਼ਰੂਰਤਮੰਦਾਂ ਦੀ ਜ਼ਰੂਰਤ ਅਨੁਸਾਰ ਮਾਲੀ ਸਹਾਇਤਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ । ਜਾਣਕਾਰੀ ਦਿੰਦੇ ਹੋਏ ਸੋਸਾਇਟੀ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੂੰ ਦੱਸਿਆ ਕਿ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਹੜ੍ਹ ਪੀੜਤਾਂ ਲਈ ਪਹਿਲੇ ਦਿਨ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਸਦਕਾ ਰਾਸ਼ਨ ਸਮੱਗਰੀ ਅਤੇ ਘਰੇਲੂ ਜ਼ਰੂਰਤ ਸਾ ਸਾਮਾਨ ਫਗਵਾੜੇ ਦੀ ਟੀਮਾਂ ਸਿੱਖਜ਼ ਇਕੂਆਲੀਟੀ ਫਾਊਂਡੇਸ਼ਨ ਅਤੇ ਅਲਾਇੰਸ ਆਫ਼ ਸ਼ਿਖਜ਼ ਦੀ ਮਦਦ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਖੇ ਲੋੜਵੰਦਾਂ ਤੱਕ ਪਹੁੰਚਾਇਆ ਜਾ ਰਿਹਾ । ਉਸ ਦੇ ਨਾਲ ਹੀ ਅੱਜ ਹੜ ਪੀੜਤਾਂ ਦੀਆਂ ਜ਼ਰੂਰਤਾਂ ਦਾ ਘਰ- ਘਰ ਜਾ ਕੇ ਜਾਇਜ਼ਾ ਲੈ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਅਨੁਸਾਰ ਮਦਦ ਕਰਨ ਲਈ ਅਤੇ ਸਿਹਤ ਸਹੂਲਤਾਂ ਦੇਣ ਲਈ ਮੈਡੀਕਲ ਟੀਮ ਨੂੰ ਨਾਲ ਲੈ ਕੇ ਸੁਸਾਇਟੀ ਮੈਂਬਰਾਂ ਦਾ ਜੱਥਾ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ਦੇ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਚ ਭਾਰਤ ਪਾਕਿਸਤਾਨ ਸਰਹੱਦ ਨੇੜੇ ਦੇ ਵੱਖ-ਵੱਖ ਪਿੰਡਾਂ ਵਿੱਚ ਪੁੱਜਿਆ । ਉਹਨਾਂ ਦੱਸਿਆ ਕਿ ਰਾਵੀ ਦਰਿਆ ਕੰਢੇ ਵਸਦੇ ਪਿੰਡ ਮਲਕਪੁਰ, ਦਰਿਆ ਮੂਸਾ ਅਤੇ ਪਿੰਡ ਗਿੱਲਾ ਵਾਲੀ ਤਹਿਸੀਲ ਅਜਨਾਲਾ ਤੇ ਜਿਲ੍ਹਾ ਅੰਮ੍ਰਿਤਸਰ ਵਿਖੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਡਾਕਟਰਾਂ ਦੀ ਟੀਮ ਵੱਲੋਂ ਜਰੂਰਤਮੰਦਾਂ ਦਾ ਸ਼ੂਗਰ, ਬੀਪੀ ਆਦਿ ਮੈਡੀਕਲ ਚੈੱਕ ਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ । ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨਾਲ ਜੁੜੀ ਭਾਈ ਘੱਨਈਆ ਜੀ ਚੈਰੀਟੇਬਲ ਮੈਡੀਕਲ ਅਤੇ ਐਜੂਕੇਸ਼ਨਲ ਸੁਸਾਇਟੀ (ਰਜਿ.) ਜਲੰਧਰ ਦੀ ਟੀਮ ਜਿਸ ਦੀ ਅਗਵਾਈ ਡਾ. ਰਜਿੰਦਰ ਸਿੰਘ ਕਰ ਰਹੇ ਸਨ ਦੀ ਟੀਮ ਨੇ ਮੈਡੀਕਲ ਕੈਂਪ ਨੂੰ ਸਫ਼ਲ ਬਣਾਉਣ ਲਈ ਸੁਸਾਇਟੀ ਦਾ ਪੂਰਨ ਸਹਿਯੋਗ ਦਿੱਤਾ । ਉਨ੍ਹਾਂ ਦੱਸਿਆ ਦਰਿਆ ਮੁਸਾਂ ਦੇ ਨੋਜਵਾਨ ਕਥਾਵਾਚਕ ਸ. ਕੁਲਤਾਰ ਸਿੰਘ ਦੀ ਅਗਵਾਈ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉਹਨਾਂ ਦੀਆਂ ਸਮੱਸਿਆ ਸੁਣ ਕੇ ਪਤਾ ਲੱਗਾ ਕਿ ਉਹਨਾਂ ਨੂੰ ਰਾਸ਼ਨ ਆਦਿ ਦੀ ਜਰੂਰਤ ਨਹੀਂ ਹੈ। ਸਗੋਂ ਉਹਨਾਂ ਦੀਆਂ ਘਰੇਲੂ ਸਮਾਨ ਜਾਂ ਖਰਾਬ ਹੋਏ ਸੋਲਰ ਪੈਨਲ ਅਤੇ ਮਸ਼ੀਨਰੀ ਠੀਕ ਕਰਵਾਉਣ ਅਤੇ ਖੇਤਾਂ ਨੂੰ ਮੁੜ ਲੀਹ ਤੇ ਲਿਆਣ ਲਈ ਮਦਦ ਦੇ ਲੋੜ ਹੈ ਜਿਸ ਤਹਿਤ ਸੁਸਾਇਟੀ ਵੱਲੋਂ ਜਿੱਥੇ ਮੈਡੀਕਲ ਕੈਂਪਾਂ ਦੋਰਾਨ ਇਕ ਲੱਖ ਤੋਂ ਵੱਧ ਰੁਪਏ ਦੀਆਂ ਦਵਾਈਆਂ ਦੀ ਸੇਵਾ ਕੀਤੀ ਗਈ ਉੱਥੇ ਨਾਲ ਹੀ ਵੱਖ-ਵੱਖ ਜਰੂਰਤਮੰਦਾਂ ਦੀ ਕੁੱਲ 2 ਲੱਖ 20 ਹਜਾਰ ਨਗਦ ਰੁਪਏ ਦੇ ਨਾਲ ਮਦਦ ਕੀਤੀ ਗਈ । ਉਨ੍ਹਾਂ ਕਿਹਾ ਇਹ ਸੇਵਾਵਾਂ ਅੱਗੇ ਵੀ ਜਾਰੀ ਰਹਿਣਗੀਆਂ । ਉਨ੍ਹਾਂ NRI ਵੀਰਾਂ, ਸਹਿਯੋਗੀ ਸੰਸਥਾਵਾਂ ਅਤੇ ਨਵਾਂਸ਼ਹਿਰ ਇਲਾਕੇ ਦੀਆਂ ਸੰਗਤਾਂ ਦਾ ਸੁਸਾਇਟੀ ਨੂੰ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਸੁਸਾਇਟੀ ਵੱਲੋਂ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਜਸਵਿੰਦਰ ਸਿੰਘ, ਕਰਮਜੀਤ ਸਿੰਘ ਸੋਡੀ, ਪ੍ਰਿਤਪਾਲ ਸਿੰਘ ਹਵੇਲੀ, ਡਾ. ਰਜਿੰਦਰ ਸਿੰਘ, ਕੁਲਤਾਰ ਸਿੰਘ, ਦਲਜੀਤ ਸਿੰਘ, ਕੁਲਦੀਪ ਸਿੰਘ ਅਤੇ ਚਮਨ ਸਿੰਘ ਆਦਿ ਹਾਜ਼ਰ ਸਨ ।


