ਵਿਦਿਅਕ ਟੂਰ ਦੌਰਾਨ ਬੱਚਿਆਂ ਨੂੰ “ਦਾਸਤਾਨ ਏ ਸ਼ਹਾਦਤ” ਸ਼੍ਰੀ ਚਮਕੌਰ ਸਾਹਿਬ ਦਿਖਾਇਆ

ਨਵਾਂਸ਼ਹਿਰ 13 ਨਵੰਬਰ (ਹਰਿੰਦਰ ਸਿੰਘ) ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਵੱਖ ਵੱਖ ਸਥਾਨਾਂ ਵਿਦਿਅਕ ਟੂਰ ਜਿਨ੍ਹਾਂ ਵਿਚ ਸੱਭਿਆਚਾਰਕ ਤੇ ਇਤਿਹਾਸਕ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ ਜਾ ਸਕੇ ਦਿਖਾਉਣ ਦੀਆਂ ਹਦਾਇਤਾਂ ਪ੍ਰਾਪਤ ਹੋਈਆਂ ਹਨ। ਇਸੇ ਹੀ ਲੜੀ ਤਹਿਤ ਅੱਜ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨੂੰ ਸਿੱਖ ਇਤਿਹਾਸ ਨੂੰ ਰੂਪਮਾਨ ਕਰਨ ਵਾਲਾ ਯਾਦਗਾਰੀ ਮਿਊਜ਼ੀਅਮ ਤੇ ਇਤਿਹਾਸਕ ਸਥਾਨ “ਦਾਸਤਾਨ ਏ ਸ਼ਹਾਦਤ” ਜੋ ਕਿ ਸ੍ਰੀ ਚਮਕੌਰ ਸਾਹਿਬ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਕਾਰਜਕਾਲ ਦੌਰਾਨ ਬਣਵਾਇਆ ਗਿਆ ਸੀ ਦਿਖਾਇਆ ਗਿਆ। ਮਿਊਜ਼ੀਅਮ ਦੀਆਂ ਕਰੀਬ 11 ਗੈਲਰੀਆਂ ਵਿੱਚ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਪਰਿਵਾਰ ਨਾਲ ਸਬੰਧਤ ਉਨ੍ਹਾਂ ਦੇ ਜੀਵਨ ਕਾਲ ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ ਨਦੀ ਦਾ ਸਫ਼ਰ,ਪਰਿਵਾਰ ਵਿਛੋੜਾ, ਸ੍ਰੀ ਚਮਕੌਰ ਸਾਹਿਬ ਕੱਚੀ ਗੜ੍ਹੀ ਦੀ ਲੜਾਈ ਅਤੇ ਸਰਹਿੰਦ ਦੀਆਂ ਨੀਹਾਂ ਤੱਕ ਦਾ ਸਫਰ ਦਾ ਬਿਆਨ ਵਿਧੀ ਵੱਧ ਢੰਗ ਨਾਲ ਲੇਜ਼ਰ ਅਤੇ ਆਧੁਨਿਕ ਤਕਨੀਕ ਨਾਲ ਦਰਸਾਇਆ ਗਿਆ ਹੈ। ਇਨ੍ਹਾਂ ਗੈਲਰੀਆਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਸ਼ਹਾਦਤ ਤੇ ਹੋਰ ਪਿਆਰੇ ਤੇ ਸਿੰਘ ਆਦਿ ਦੀ ਸ਼ਹਾਦਤ ਅਤੇ ਛੋਟੇ ਸਾਹਿਬਜਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਨੀਹਾਂ ਵਿੱਚ ਚਿਣੇ ਜਾਣ ਦਾ ਬਿਰਤਾਂਤ ਬਹੁਤ ਹੀ ਭਾਵਕਤਾ ਢੰਗ ਨਾਲ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੀ ਸ਼ਹਾਦਤ ਨਾਲ ਸਬੰਧਤ ਉਨ੍ਹਾਂ ਦਾ ਸੀਸ ਚਾਂਦਨੀ ਚੌਂਕ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਲਿਆਉਣ ਦਾ ਸਫਰ ਜੋ ਕਿ ਭਾਈ ਜੀਵਨ ਸਿੰਘ ਜੀ ਨਾਲ ਸਬੰਧ ਰੱਖਦਾ ਹੈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਰਸਾਈ ਗਈ ਹੈ। ਬੱਚਿਆਂ ਤੇ ਅਧਿਆਪਕਾਂ ਨੇ ਉਥੋਂ ਦੇ ਸਮੁੱਚੇ ਪ੍ਰਬੰਧ ਤੇ ਸੰਤੁਸ਼ਟੀ ਪ੍ਰਗਟਾਈ। ਉਥੋਂ ਦੇ ਗਾਈਡ ਸਿੰਘਾਂ ਨੇ ਬੱਚਿਆਂ ਨਾਲ ਉਥੋਂ ਦੇ ਇਤਿਹਾਸ ਦੀ ਵਿਸਥਾਰ ਪੂਰਵਕ ਸਾਂਝ ਪਾਈ ਅਤੇ ਬਣਿਆ ਸਮਾਰਕਾਂ ਬਾਰੇ ਬੱਚਿਆਂ ਨੂੰ ਉਥੋਂ ਦੇ ਇਤਿਹਾਸ ਬਾਰੇ ਦੱਸਿਆ। ਬੱਚਿਆਂ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਗੜ੍ਹੀ ਸਾਹਿਬ ਦੇ ਅਲੌਕਿਕ ਦਰਸ਼ਨ ਦੀਦਾਰੇ ਕੀਤੇ।ਅਖੀਰ ਟੂਰ ਨਾਲ ਗਏ ਅਧਿਆਪਕ ਪ੍ਰੇਮਪਾਲ ਸਿੰਘ, ਮਨਮੋਹਣ ਸਿੰਘ, ਹਰਿੰਦਰ ਸਿੰਘ, ਨਵਨੀਤ ਸਿੰਘ, ਸੁਸ਼ੀਲ ਕੁਮਾਰ, ਪਰਵਿੰਦਰ ਕੌਰ, ਪਰਮਿੰਦਰ ਕੌਰ ,ਰੇਖਾ ਜਨੇਜਾ, ਮਨਪ੍ਰੀਤ ਕੌਰ ਤੇ ਹਰਕਮਲ ਕੌਰ ਨੇ ਉਥੋਂ ਦੇ ਪ੍ਰਬੰਧਕਾਂ ਦਾ ਬੱਚਿਆਂ ਨੂੰ ਜਾਣਕਾਰੀ ਦੇਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਬੱਚਿਆਂ ਨੇ ਸਿੱਖ ਇਤਿਹਾਸ ਦੀ ਜਾਣਕਾਰੀ ਹਾਸਿਲ ਕਰਨ ਦੇ ਨਾਲ ਨਾਲ ਆਪਣੇ ਗਿਆਨ ਵਿੱਚ ਵਾਧਾ ਕੀਤਾ। ਇਸ ਮੌਕੇ ਬੱਚਿਆਂ ਨੂੰ ਖਾਣ ਲਈ ਰਿਫਰੈਸ਼ਮੈਂਟ ਦਿੱਤੀ ਗਈ।

Leave a Reply

Your email address will not be published. Required fields are marked *

error: Content is protected !!