ਨਵਾਂਸ਼ਹਿਰ 6 ਜਨਵਰੀ (ਹਰਿੰਦਰ ਸਿੰਘ) ਡੀ.ਜੀ.ਪੀ ਪੰਜਾਬ ਦੇ ਆਦੇਸ਼ਾਂ ਤਹਿਤ ਪੰਜਾਬ ਵਿੱਚ ਹਰ ਸਾਲ ਪਹਿਲੀ ਜਨਵਰੀ ਤੋਂ 31 ਜਨਵਰੀ ਤੱਕ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਸਬੰਧੀ ਮਹੀਨਾ ਮਨਾਇਆ ਜਾਂਦਾ ਹੈ ਜਿਸ ਵਿੱਚ ਡਰਾਈਵਰ ਭਾਈਚਾਰੇ ਅਤੇ ਆਮ ਵਾਹਨ ਚਾਲਕਾਂ ਨੂੰ ਟ੍ਰੈਫਿਕ ਦੇ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਇਸੇ ਹੀ ਲੜੀ ਦੀ ਸ਼ੁਰੂਆਤ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜਿਲ੍ਹੇ ਦੇ ਮੁਖੀ ਤੁਸ਼ਾਰ ਗੁਪਤਾ ਅਤੇ ਡੀ ਐਸ ਪੀ ਸੁਰਿੰਦਰ ਚਾਂਦ ਦੀ ਅਗਵਾਈ ਹੇਠ ਸ਼ਹਿਰ ਦੇ ਵੱਖ ਵੱਖ ਥਾਈਂ ਜਿਵੇਂ ਬਸ ਅੱਡਾ ਨਵਾਂ ਸ਼ਹਿਰ, ਟੈਕਸੀ ਯੂਨੀਅਨ ਨਵਾਂਸ਼ਹਿਰ,ਚੰਡੀਗੜ੍ਹ ਚੌਂਕ, ਬੰਗਾ ਰੋਡ ਸ਼ੂਗਰ ਮਿੱਲ ਆਦਿ ਵਿਖੇ ਟ੍ਰੈਫਿਕ ਨਿਯਮਾਂ ਦੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।ਜਿਸ ਵਿਚ ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਏ ਐਸ ਆਈ ਸੁਭਾਸ਼ ਚੰਦਰ, ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ,ਏ ਐਸ ਆਈ ਦਿਲਾਵਰ ਅਤੇ ਏ ਐਸ ਆਈ ਸੁਨੀਲ ਦੱਤ ਦੀ ਵਿਸ਼ੇਸ਼ ਟੀਮ ਵਲੋਂ ਉਕਤ ਸਾਰੀਆਂ ਥਾਵਾਂ ਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਦੇ ਬੈਨਰ ਹੇਠ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਟਰੈਫਿਕ ਇੰਚਾਰਜ ਸੁਭਾਸ਼ ਚੰਦਰ ਅਤੇ ਜ਼ਿਲ੍ਹਾ ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਪ੍ਰਵੀਨ ਕੁਮਾਰ ਨੇ ਟੈਕਸੀ ਸਟੈਂਡ ਅਤੇ ਬੱਸ ਅੱਡਾ ਨਵਾਂ ਸ਼ਹਿਰ ਵਿਖੇ ਡਰਾਈਵਰ ਭਾਈਚਾਰੇ ਨੂੰ ਧੁੰਦ ਦੌਰਾਨ ਆਪਣੇ ਵਾਹਨਾਂ ਦੀਆਂ ਲਾਈਟਾਂ ਦੀ ਪੂਰੀ ਤੇ ਸਹੀ ਵਰਤੋਂ ਅਤੇ ਸੜਕ ਤੇ ਨਿਰਧਾਰਤ ਫਾਸਲੇ ਨਾਲ ਵਾਹਨਾਂ ਦੀ ਗਤੀ ਸੀਮਾ ਰੱਖਣਾ ਆਦਿ ਤੋਂ ਇਲਾਵਾ ਨਸ਼ਾ ਰਹਿਤ ਰਹਿ ਕੇ ਟੈਕਸੀ, ਬੱਸਾਂ ਅਤੇ ਬਾਕੀ ਵਾਹਨ ਚਲਾਉਣ ਲਈ ਜਾਗਰੂਕ ਕੀਤਾ। ਲਾ ਟਰੈਫਿਕ ਪੁਲਿਸ ਵੱਲੋਂ ਬੰਗਾ ਰੋਡ ਸਥਿਤ ਸ਼ੂਗਰ ਮਿੱਲ ਵਿਖੇ ਕਿਸਾਨ ਵੀਰਾਂ ਦੀਆਂ ਟਰਾਲੀਆਂ ਤੇ ਰਿਫਲੈਕਟਰ ਲਗਾਏ ਗਏ ਅਤੇ ਕਿਹਾ ਕਿ ਸੰਘਣੀ ਧੁੰਦ ਦੇ ਦੌਰਾਨ ਸਾਨੂੰ ਸੜਕ ਦੇ ਇੱਕ ਪਾਸੇ ਆਰਾਮ ਨਾਲ ਚਲਣਾ ਚਾਹੀਦਾ ਹੈ ਤਾਂਕਿ ਕੋਈ ਹਾਦਸਾ ਨਾ ਵਾਪਰ ਸਕੇ।ਇਸ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਚੰਡੀਗੜ੍ਹ ਚੌਂਕ ਸਥਿਤ ਲੱਗੀਆਂ ਟ੍ਰੈਫਿਕ ਲਾਈਟਾਂ ਸਬੰਧੀ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਜਾਗਰੂਕ ਕੀਤਾ ਗਿਆ।ਏ ਐਸ ਆਈ ਪ੍ਰਵੀਨ ਕੁਮਾਰ ਅਤੇ ਏ ਐਸ ਆਈ ਸੁਭਾਸ਼ ਚੰਦਰ ਨੇ ਲੋਕਾਂ ਨੂੰ ਕਿਹਾ ਕਿ ਸਾਨੂੰ ਵਾਹਨਾਂ ਨੂੰ ਚਲਾਉਣ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ ਹੈ ਕਿਉਂਕਿ ਹਰ ਚਾਲਕ ਦਾ ਪਰਿਵਾਰ ਉਸਦੀ ਘਰ ਵਿੱਚ ਉਡੀਕ ਕਰ ਰਿਹਾ ਹੁੰਦਾ ਹੈ ਅਤੇ ਇਸ ਨਾਲ ਹੀ ਆਪਣੀ ਅਤੇ ਦੂਜੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਸਥਾਨਕ ਲੋਕਾਂ ਨੇ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਿਯਮਾਂ ਨੂੰ ਅਪਣਾਉਣ ਦਾ ਪ੍ਰਣ ਕੀਤਾ।




