ਨਵਾਂਸ਼ਹਿਰ 18 ਜਨਵਰੀ (ਹਰਿੰਦਰ ਸਿੰਘ)ਪੰਜਾਬ ਪੁਲਿਸ ਦੇ ਸੇਵਾਮੁਕਤ ਇੰਸਪੈਕਟਰ ਜਸਵੀਰ ਸਿੰਘ ਭੱਟੀ ਅਤੇ ਉਨ੍ਹਾਂ ਦੇ ਛੋਟੇ ਭਰਾ ਜਸਵਿੰਦਰ ਸਿੰਘ ਭੱਟੀ ਦੀ ਸਵਰਗਵਾਸੀ ਮਾਤਾ ਸੁਰਿੰਦਰ ਕੋਰ ਦੀ ਅੰਤਿਮ ਅਰਦਾਸ ਮੌਕੇ ਪਿੰਡ ਸਾਹਲੋਂ ਦੇ ਗੁਰੂ ਘਰ ਵਿਖੇ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਤੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਦੱਸਿਆ ਕਿ ਮਾਤਾ ਸੁਰਿੰਦਰ ਕੌਰ ਆਪਣੇ ਸਾਦਗੀ ਭਰੇ ਸੁਭਾਅ ਸਦਕਾ 98 ਸਾਲ ਦੀ ਲੰਬੀ ਉਮਰ ਭੋਗ ਕੇ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੇ ਦੋਹਾਂ ਪੁੱਤਰਾਂ ਨੇ ਵਾਤਾਵਰਣ ਪ੍ਰੇਮੀ ਵਾਤਾਵਰਣ ਸੰਭਾਲ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਦੀ ਪ੍ਰੇਰਨਾ ਸਦਕਾ ਵੱਖ-ਵੱਖ ਕਿਸਮਾਂ ਦੇ 11 ਬੂਟੇ ਆਪਣੀ ਸਵਰਗਵਾਸੀ ਮਾਤਾ ਦੀ ਯਾਦ ਵਿੱਚ ਲਗਾਏ। ਇਸ ਮੌਕੇ ਤੇ ਉਨ੍ਹਾਂ ਕਿਹਾ ਇਨਸਾਨ ਦੀ ਹੋਂਦ ਮਾਂ ਤੋਂ ਸ਼ੁਰੂ ਹੁੰਦੀ ਹੈ ਅਤੇ ਮਾਂ ਦੀ ਪਾਲਣਾ ਅਤੇ ਸੰਸਕਾਰ ਸਦਕਾ ਹੀ ਇਨਸਾਨ ਦੀ ਕਾਬਲੀਅਤ ਸਿੱਧ ਹੁੰਦੀ ਹੈ। ਮਾਂ ਦਾ ਵਿਛੋੜਾ ਅਸਹਿ ਅਤੇ ਅਕਹਿ ਹੈ। ਇਸ ਮੌਕੇ ਤੇ ਸਾਹਲੋਂ ਪਿੰਡ ਦੀ ਸਾਬਕਾ ਸਰਪੰਚ ਸੁਰਿੰਦਰ ਕੌਰ, ਚਰਨ ਸਿੰਘ, ਸੁਰਜੀਤ ਸਿੰਘ, ਮੋਹਣ ਸਿੰਘ, ਪਰਮਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਹੋਰ ਰਿਸ਼ਤੇਦਾਰ ਅਤੇ ਪਿੰਡ ਵਾਸੀ ਵੀ ਹਾਜ਼ਰ ਸਨ।

