ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਕਣਕ ਦੀਆਂ ਕੁੰਗੀਆਂ ਬਾਬਤ ਕਿਸਾਨ-ਸਾਇੰਸਦਾਨ ਗੋਸ਼ਟੀ ਦਾ ਆਯੋਜਨ

ਨਵਾਂਸ਼ਹਿਰ 20 ਜਨਵਰੀ (ਹਰਿੰਦਰ ਸਿੰਘ) ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ 20 ਜਨਵਰੀ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਣਕ ਦੀਆਂ ਕੁੰਗੀਆਂ ਬਾਬਤ ਕਿਸਾਨ – ਸਾਇੰਸਦਾਨ ਗੋਸ਼ਟੀ ਦਾ ਆਯੋਜਨ ਕੀਤਾ ਗਿਆ।ਇਸ ਗੋਸ਼ਟੀ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੇ ਪ੍ਰਮੁੱਖ, ਡਾ. ਪ੍ਰਦੀਪ ਕੁਮਾਰ ਨੇ ਕਿਸਾਨ ਵੀਰਾਂ ਨੂੰ ਫਸਲਾਂ ਦੀਆਂ ਬਿਮਾਰੀਆਂ ਤੇ ਖਾਸ ਕਰਕੇ ਕਣਕ ਦੀਆਂ ਕੁੰਗੀਆਂ ਦੀ ਸਹੀ ਪਹਿਚਾਣ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ।ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਕਣਕ ਤੇ ਹਾੜ੍ਹੀ ਦੀਆਂ ਫਸਲਾਂ ਦੇ ਕੀੜਿਆਂ ਦੀ ਸਰਵਪੱਖੀ ਰੋਕਥਾਮ ਬਾਰੇ ਵਿਸਥਾਰ ਨਾਲ ਦੱਸਿਆ।ਪੀਲੀ ਕੁੰਗੀ ਦੀ ਰੋਕਥਾਮ ਦੇ ਜਰੂਰੀ ਪਹਿਲੂ ਵੀ ਮਾਹਿਰਾਂ ਨੇ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਬਿਮਾਰੀ ਨਜ਼ਰ ਆਉਣ ਤੇ 300 ਗ੍ਰਾਮ ਤਾਕਤ 75 ਡਬਲਯੂ ਪੀ ਜਾਂ 200 ਗ੍ਰਾਮ ਕੈਵੀਅਟ 25 ਡਬਲਯੂ ਜੀ ਜਾਂ 120 ਗ੍ਰਾਮ ਨਟੀਵੋ 75 ਡਬਲਯੂ ਜੀ ਜਾਂ 200 ਮਿਲੀ ਲਿਟਰ ਅੰਮਪੈਕਟ ਐਕਸਟਰਾ ਜਾਂ 200 ਮਿਲੀ ਲਿਟਰ ਉਪੇਰਾ 18.3 ਐਸ ਈ ਜਾਂ 200 ਮਿਲੀ ਲਿਟਰ ਕਸਟੋਡੀਆ 320 ਐਸ ਸੀ ਜਾਂ 200 ਮਿਲੀਲਿਟਰ ਟਿਲਟ 25 ਈ ਸੀ/ ਸ਼ਾਈਨ 25 ਈ ਸੀ/ਬੰਪਰ 25 ਈ ਸੀ/ਸਟਿਲਟ 25 ਈ ਸੀ/ ਕੰਪਾਸ 25 ਈ ਸੀ/ਮਾਰਕਜ਼ੋਲ 25 ਈ ਸੀ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਨਾ ਚਾਹੀਦਾ ਹੈ। ਬਿਮਾਰੀ ਦੀ ਸ਼ੁਰੂਆਤ ਵਿੱਚ ਪੀਲੀ ਕੁੰਗੀ ਦੇ ਹਮਲੇ ਵਾਲੀਆਂ ਧੌੜੀਆਂ ਤੇ ਹੀ ਉੱਲੀਨਾਸ਼ਕਾਂ ਦਾ ਛਿੜਕਾਅ ਕਰਨ ਦੀ ਲੋੜ ਹੈ। ਬਿਮਾਰੀ ਬਾਰੇ ਸਮੇਂ ਸਿਰ ਜਾਣਕਾਰੀ ਲਈ ਖੇਤਾਂ ਦਾ ਲਗਾਤਾਰ ਸਰਵੇਖਣ ਕਰਨਾ ਚਾਹੀਦਾ ਹੈ ਅਤੇ ਲੋੜ ਪੈਣ ਤੇ ਇਹ ਛਿੜਕਾਅ ਫਿਰ ਦੁਹਰਾਉਣਾ ਚਾਹੀਦਾ ਹੈ ਤਾਂ ਜੋ ਟੀਸੀ ਵਾਲਾ ਪੱਤਾ ਬਿਮਾਰੀ ਰਹਿਤ ਰਹੇ।ਅੰਤ ਵਿਚ ਮਾਹਿਰਾਂ ਵੱਲੋਂ ਕਣਕ ਦੀ ਪੀਲੀ ਕੁੰਗੀ ਬਾਰੇ ਨਿਰੀਖਣ ਕੀਤਾ ਗਿਆ।ਮਾਹਿਰਾਂ ਵੱਲੋਂ ਕਿਸਾਨਾਂ ਨੂੰ ਮੌਕੇ ਤੇ ਬਿਮਾਰੀ ਦੀਆਂ ਨਿਸ਼ਾਨੀਆਂ ਦੀ ਪਹਿਚਾਣ ਕਰਨੀ ਦੱਸੀ ਗਈ ਅਤੇ ਇਸ ਦੀ ਰੋਕਥਾਮ ਲਈ ਨਾਲ ਹੀ ਉੱਲੀ ਨਾਸ਼ਕ ਦਾ ਛਿੜਕਾਅ ਸਿਫਾਰਿਸ਼ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!