ਨਵਾਂਸ਼ਹਿਰ/ਬਲਾਚੌਰ 24 ਜਨਵਰੀ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਪਿੰਡ ਮੰਗੂਪੁਰ (ਬਲਾਚੌਰ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਮੁਕਤੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਕੁਲਦੀਪ ਕੌਰ ਸਰਪੰਚ ਨੇ ਕੀਤੀ ਗਈ।ਇਸ ਮੌਕੇ ਤੇ ਚਮਨ ਸਿੰਘ ਪ੍ਰੋਜ਼ੈਕਟ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਾਈ ਘਨ੍ਹਈਆ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਸੰਸਥਾ ਬਿਨਾਂ ਕਿਸੇ ਭੇਦ ਭਾਵ ਦੇ ਸਾਰੇ ਸੰਸਾਰ ਵਿੱਚ ਸਮਾਜਿਕ ਕਲਿਆਣ ਦਾ ਕੰਮ ਕਰਦੀ ਹੈ। ਅੱਜ ਦੇ ਸਮੇਂ ਵਿੱਚ ਚਲ ਰਹੀ ਨਸ਼ੇ ਦੀ ਭਿਆਨਕ ਸਮੱਸਿਆ ਬਾਰੇ ਦੱਸਦਿਆਂ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੇ ਅਸਲੀ ਮੂਲ ਆਧਾਰ ਤੋਂ ਭਟਕ ਕੇ ਨਸ਼ੇ ਦੇ ਆਦੀ ਹੋ ਰਹੇ ਹਨ ਜੋ ਕਿ ਭੱਵਿਖ ਲਈ ਬਹੁਤ ਵੱਡੀ ਸਮੱਸਿਆ ਬਣ ਖੜ੍ਹੀ ਹੋ ਗਈ ਹੈ। ਪੰਜਬ ਸਰਕਾਰ ਅਤੇ ਭਾਰਤ ਸਰਕਾਰ ਵਲੋਂ ਨਸ਼ੇ ਦੀ ਰੋਕਥਾਮ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ, ਫਿਰ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ, ਜਿਸ ਦੇ ਨਤੀਜੇ ਨਾਕਾਰਤਮਕ ਆ ਰਹੇ ਹਨ। ਉਨ੍ਹਾਂ ਨੇ ਕਿਹਾ ਸਾਡੀ ਨੌਜਵਾਨੀ ਆਪਣੇ ਸੱਭਿਆਚਾਰ ਅਤੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਭੁੱਲਦੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਹੀਦੀ ਯੋਧਿਆਂ ਨੇ ਆਪਣਾ ਖੂਨ ਵਹਾ ਕੇ ਇਸ ਦੇਸ਼ ਦੀ ਆਜਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਹੈ।ਕਈ ਵਾਰ ਨੌਜਵਾਨਾਂ ਨੂੰ ਨਸ਼ੇ ਦੇ ਪ੍ਰਤੀ ਜਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਮਾੜੀ ਸੰਗਤ ਵਿੱਚ ਦੋਸਤਾਂ ਨਾਲ ਮਿਲ ਕੇ ਨਸ਼ੇ ਦਾ ਸੇਵਨ ਕਰ ਲੈਂਦੇ ਹਨ, ਜਿਸ ਨਾਲ ਹੌਲੀ ਹੌਲੀ ਨੌਜਵਾਨ ਰੋਜਾਨਾ ਨਸ਼ੇ ਦੇ ਸੇਵਨ ਨਾਲ ਨਸ਼ੇ ਦੇ ਆਦੀ ਹੋ ਜਾਦੇ ਹਨ। ਇਸ ਨਾਲ ਬਾਆਦ ਵਿੱਚੋਂ ਨਸ਼ੇ ਨੂੰ ਛੱਡਣਾ ਉਨਾਂ ਲਈ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਕਿਉਕਿ ਸਰੀਰ ਵੀ ਨਸ਼ੇ ਦਾ ਆਦੀ ਹੋ ਜਾਂਦਾ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਅਤੇ ਸ਼ਹੀਦੀ ਯੋਧੇ, ਗੁਰੂਆਂ ਪੀਰਾਂ ਦੇ ਇਤਿਹਾਸ ਨਾਲ ਜੋੜਨ ਪਵੇਗਾ। ਉਨ੍ਹਾਂ ਨੂੰ ਨਸ਼ੇ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਣਾ ਪਵੇਗਾ ਤਾਂ ਹੀ ਨੌਜਵਾਨ ਜਾਗਰੂਕ ਹੋਣਗੇ। ਇਸ ਮੌਕੇ ਤੇ ਉਨ੍ਹਾਂ ਨੇ ਨਸ਼ੇ ਦੇ ਸੇਵਨ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਕਾਲਾ ਪੀਲੀਆ, ਐਚ.ਆਈ ਵੀ ਆਦਿ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਤਾਂ ਕਿ ਲੋਕ ਵੱਧ ਵੱਧ ਜਾਗਰੂਕ ਹੋ ਸਕਣ ਅਤੇ ਅਪੀਲ ਕੀਤੀ ਕਿ ਆਪਣੇ ਬੱਚਿਆਂ ਨਾਲ ਬਹੁਤਾ ਸਮਾਂ ਬਤੀਤ ਕਰਨ ਅਤੇ ਹਰੇਕ ਗੱਲ ਸਾਂਝੀ ਕਰ ਕੇ ਦੋਸਤ ਵੀ ਬਣਨ।ਨਸ਼ਾ ਕਿਸੇ ਸਮੱਸਿਆ ਦਾ ਹਲ ਨਹੀਂ ਨਾ ਹੀ ਮਨੁੱਖ ਦੀ ਖੁਰਾਕ ਹੈ।ਨਸ਼ਾ ਮੁਕਤੀ ਦੀ ਸ਼ੁਰੂਆਤ ਆਪਣੇ ਘਰ ਤੋਂ ਕਰੋ ,ਪੰਜਾਬ ਸਮੇਤ ਭਾਰਤ ਨਸ਼ਾ ਮੁਕਤੀ ਪਾ ਲਵੇਗਾ।ਇਸ ਮੌਕੇ ਤੇ ਕਮਲਜੀਤ ਕੌਰ(ਕੌਸਲਰ) ਨੇ ਕੇਂਦਰ ਦੇ ਕੰਮਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਇਲਾਜ ਬਿਲਕੁਲ ਮੁਫਤ ਕਰਵਾ ਸਕਦਾ ਹੈ।ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਦਾ ਹੈ। ਇਸ ਮੌਕੇ ਤੇ ਰੁਪਿੰਦਰ ਵਰਮਾ,ਸੁਨੀਲ ਕੁਮਾਰ (ਐਮ.ਪੀ.ਐਚ. ਡਬਲੀਊ) ਤੋਂ ਇਲਾਵਾ ਚਰਨ ਦਾਸ (ਸਾਬਕਾ ਸਰਪੰਚ)ਸੁਨੀਲ ਕੁਮਾਰੀ (ਆਸ਼ਾ ਵਰਕਰ),ਪਰਮਜੀਤ (ਪੰਚ), ਸੀਮਾ ਰਾਣੀ (ਪੰਚ) ਸੁਮਨ , ਪ੍ਰੀਤੀ, ਵੰਸ਼,ਨਿਰਮਲ ਕੌਰ , ਆਸ਼ਾ ਰਾਣੀ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।




