ਨਵਾਂਸ਼ਹਿਰ 26 ਜਨਵਰੀ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਦੇਸ਼ ਦਾ 77 ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਦੀ ਪ੍ਰਧਾਨਗੀ ਚਮਨ ਸਿੰਘ, ਪ੍ਰੋਜ਼ੈਕਟ ਡਾਇਰੈਕਟਰ ਨੇ ਕੀਤੀ। ਇਸ ਮੌਕੇ ਤੇ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਕੀਤੀ ਗਈ ਅਤੇ ਮੌਕੇ ਤੇ ਹਾਜ਼ਰ ਸਮੂਹ ਇਕੱਠ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ। ਉਨ੍ਹਾਂ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਗਣਤੰਤਰ ਦਿਵਸ ਦੀ ਮਹੱਤਤਾ ਨੂੰ ਦਸਦਿਆਂ ਕਿਹਾ ਕਿ ਅੱਜ ਦੇ ਦਿਨ ਸਾਡੇ ਦੇਸ਼ ਵਿੱਚ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ। ਸਾਡੇ ਦੇਸ਼ ਦਾ ਸੰਵਿਧਾਨ ਦੁਨੀਆ ਦਾ ਸਭ ਤੋਂ ਵੱਡਾ ਲਿਖਤ ਸੰਵਿਧਾਨ ਹੈ। ਇਸਨੂੰ ਬਣਾਉਣ ਦੇ ਲਈ 2 ਸਾਲ 11 ਮਹੀਨੇਂ 18 ਦਿਨ ਲੱਗੇ ਹਨ। ਇਹ ਉਹੀ ਸੰਵਿਧਾਨ ਹੈ ਜਿਸ ਕਰ ਕੇ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਨਿਜ਼ਾਮ ਵਜੋਂ ਜਾਣਿਆ ਜਾਂਦਾ ਹੈ। ਭਾਰਤ ਦਾ ਗਣਤੰਤਰ ਦੁਨੀਆ ਦਾ ਪਹਿਲਾ ਗਣਤੰਤਰ ਹੈ ਜਿਸ ਨੇ 1950 ਵਿਚ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਵਿਤਕਰੇ ਤੇ ਪੱਖਪਾਤ ਤੋਂ ਮੌਲਿਕ ਅਧਿਕਾਰ ਅਤੇ ਹੋਰ ਬਹੁਤ ਸਾਰੇ ਅਧਿਕਾਰ ਦੇ ਦਿੱਤੇ। ਸੰਵਿਧਾਨ ਦੀ ਪ੍ਰਸਤਾਵਨਾ ਜਿਸ ਨੂੰ ਇਸ ਦੀ ਰੂਹ ਕਿਹਾ ਜਾਂਦਾ ਹੈ, ਸਵਿਧਾਨ ਵਿਚ ਉਹ ਸਾਰੀਆਂ ਵਿਵਸਥਾਵਾਂ ਦਰਜ ਹਨ ਜਿਹੜੀਆਂ ਭਾਰਤ ਨੂੰ ਸੰਪੂਰਨ ਪ੍ਰਭੂਸੱਤਾ, ਸਮਾਜਵਾਦ, ਧਰਮ ਨਿਰਪੱਖ, ਲੋਕਤੰਤਰੀ ਗਣਰਾਜ ਬਣਾਉਣਾ ਹੈ। ਇਸ ਦੇ ਨਾਲ ਹੀ ਗਣਰਾਜ ਦੀ ਮੁੱਖ ਜਿ਼ੰਮੇਵਾਰੀ ਤੈਅ ਕਰਦਾ ਹੈ ਕਿ ਇਹ ਭਾਰਤੀ ਲੋਕਾਂ ਨੂੰ ਬਿਨਾਂ ਕਿਸੇ ਭੇਦਭਾਵ ਤੇ ਪੱਖਪਾਤ ਦੇ ਇਨਸਾਫ਼, ਬਰਾਬਰੀ, ਆਜ਼ਾਦੀ ਤੇ ਭਰਾਤਰੀ ਭਾਵ ਦੇਵੇਗਾ ।ਡਾ.ਬੀ ਆਰ ਅੰਬੇਡਕਰ ਨੂੰ ਯਾਦ ਕਰਦਿਆਂ ਕਿਹਾ ਉਨ੍ਹਾ ਦਾ ਸੰਵਿਧਾਨ ਨੂੰ ਬਣਾਉਣ ਵਿੱਚ ਵੱਡਾ ਯੋਗਦਾਨ ਹੈ। ਸੰਵਿਧਾਨ ਬਣਾਉਣ ਦੇ ਲਈ ਵੱਖ ਵੱਖ ਦੇਸ਼ਾਂ ਦੇ ਸੰਵਿਧਾਨ ਨੂੰ ਪੜਿਆ ਗਿਆ ਤੇ ਉਹਨਾਂ ਕਾਨੂੰਨਾਂ ਨੂੰ ਆਪਣੇ ਸੰਵਿਧਾਨ ਵਿੱਚ ਲਾਗੂ ਕੀਤਾ ਗਿਆ । ਉਨ੍ਹਾਂ ਨੇ ਕਿਹਾ ਸਾਨੂੰ ਆਪਣੇ ਮੌਲਿਕ ਕਰੱਤਵਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ,ਜਿਵੇ ਕਿ ਅਸੀ ਆਪਣੇ ਦੇਸ਼ ਵਿੱਚ ਕਿਸੇ ਵੀ ਸਥਾਨ ਤੇ ਰਹਿ ਸਕਦੇ ਹਾਂ, ਆਪਣੀ ਮਰਜੀ ਨਾਲ ਕਿਸੇ ਕਿੱਤੇ ਨੂੰ ਅਪਣਾ ਸਕਦੇ ਹਾਂ, ਕਿਸੇ ਧਰਮ ਨੂੰ ਅਪਣਾ ਸਕਦੇ ਹਾ, ਕਿਸੇ ਧਰਮ ਨੂੰ ਛੱਡ ਸਕਦੇ ਹਾਂ ਆਦਿ ਇਸ ਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀ ਹੈ।ਉਹਨਾਂ ਨੇ ਕਿਹਾ ਕਿ ਜੇਕਰ ਅੱਜ ਦੇਸ਼ ਵਿੱਚ ਸਾਰੀਆਂ ਜਾਤਾਂ ਬਰਾਬਰ ਹਨ, ਉਹ ਸਾਡੇ ਸੰਵਿਧਾਨ ਕਰਕੇ ਹੀ ਹੈ। ਜਿਸ ਨਾਲ ਜਾਤ ਪਾਤ ਦਾ ਅੰਤਰ ਖਤਮ ਹੋਇਆ ਸਾਰੇ ਲੋਕਾਂ ਨੂੰ ਬਰਾਬਰ ਹੱਕ ਮਿਲੇ ਹਨ ਅਤੇ ਔਰਤਾਂ ਨੂੰ ਆਪਣੇ ਹੱਕ ਮਿਲੇ ਹਨ। ਅੰਤ ਵਿੱਚ ਅਪੀਲ ਕੀਤੀ ਕਿ ਸਾਨੂੰ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਅਸੀ ਦੇਸ਼ ਦੇ ਆਰਥਿਕ ਵਿਕਾਸ ਵਿੱਚ ਬਣਦਾ ਯੋਗਦਾਨ ਪਾਈਏ।ਇਸ ਮੌਕੇ ਤੇ ਦਿਨੇਸ਼ ਕੁਮਾਰ, ਮਨਜੀਤ ਸਿੰਘ, ਕਮਲਾ ਰਾਣੀ, ਹਰਸ਼ ਸਾਹਨੀ, ਕੋਮਲ,ਮਰੀਜ, ਅਤੇ ਉਨ੍ਹਾਂ ਦੇ ਮਾਤਾ ਪਿਤਾ ਹਾਜ਼ਿਰ ਸਨ।


