ਸੇਵਾ ਮੁਕਤੀ ਤੇ ਵਿਸ਼ੇਸ਼ -ਸੇਵਾਦਾਰ ਕੁਲਵਿੰਦਰ ਕੁਮਾਰ
ਨਵਾਂਸ਼ਹਿਰ 30 ਜਨਵਰੀ (ਹਰਿੰਦਰ ਸਿੰਘ) ਕੁਲਵਿੰਦਰ ਕੁਮਾਰ ਦਾ ਜਨਮ 29 ਜਨਵਰੀ 1966 ਨੂੰ ਪੰਜਾਬ ਦੇ ਇਤਿਹਾਸਕ ਜ਼ਿਲ੍ਹੇ ਫਿਰੋਜ਼ਪੁਰ ਵਿੱਚ ਪਿਤਾ ਤਰਸੇਮ ਲਾਲ ਅਤੇ ਮਾਤਾ ਚੰਨੋ ਦੀ ਕੁੱਖੋਂ ਹੋਇਆ। ਕਾਰੋਬਾਰ ਦੇ ਸਿਲਸਿਲੇ ਵਿੱਚ ਕੁਝ ਸਮਾਂ ਫਿਰੋਜ਼ਪੁਰ ਵਿੱਚ ਬਿਤਾਉਣ ਤੋਂ ਬਾਅਦ ਉਹਨਾਂ ਦੇ ਪਿਤਾ ਤਰਸੇਮ ਲਾਲ ਪਰਿਵਾਰ ਸਮੇਤ ਸੰਨ 1970 ਵਿੱਚ ਪਿੰਡ ਸਲੋਹ ਜ਼ਿਲ੍ਹਾ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਆ ਵਸੇ। ਮਿਹਨਤਕਸ਼ ਕੁਲਵਿੰਦਰ ਕੁਮਾਰ ਨੇ ਅੱਠਵੀਂ ਜਮਾਤ ਤੱਕ ਦੀ ਮੁਢਲੀ ਪੜ੍ਹਾਈ ਪਿੰਡ ਸਲੋਹ ਦੇ ਸਰਕਾਰੀ ਮਿਡਲ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਨਾਲ ਹੀ ਆਪਣੇ ਪਿਤਾ ਨਾਲ ਚਮੜੇ ਦੇ ਕੰਮ ਵਿੱਚ ਹੱਥ ਵਟਾਇਆ। ਕੁਝ ਸਮਾਂ ਪੰਜਾਬ ਹੋਮ ਗਾਰਡ ਵਿੱਚ ਆਰਜ਼ੀ ਤੌਰ ਤੇ ਸੇਵਾ ਨਿਭਾਈ ਅਤੇ ਫਿਰ 20.03.1995 ਨੂੰ ਸਰਕਾਰੀ ਹਾਈ ਸਕੂਲ ਉਮਰਪੁਰਾ ਜ਼ਿਲ੍ਹਾ ਜਲੰਧਰ ਵਿਖੇ ਬਤੌਰ ਸੇਵਾਦਾਰ ਹਾਜ਼ਰ ਹੋਇਆ। ਕੁਲਵਿੰਦਰ ਕੁਮਾਰ ਇੱਕ ਸਾਲ ਉਮਰਪੁਰਾ ਜ਼ਿਲ੍ਹਾ ਜਲੰਧਰ ਵਿਖੇ ਨੌਕਰੀ ਕਲਨ ਤੋਂ ਬਾਅਦ ਸਾਲ 1996 ਵਿੱਚ ਸਰਕਾਰੀ ਮਿਡਲ ਸਕੂਲ ਜੇਠੂ ਮਜਾਰਾ ਜ਼ਿਲ੍ਹਾ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਵਿਖੇ ਹਾਜ਼ਰ ਹੋਇਆ।ਇਸ ਤੋਂ ਬਾਅਦ ਸਾਲ 2004 ਵਿੱਚ ਸਸਸਸ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਵਿਖੇ ਡਿਊਟੀ ਸ਼ੁਰੂ ਕੀਤੀ।ਇਸ ਦਰਮਿਆਨ ਕੁਝ ਸਮਾਂ ਜ਼ਿਲ੍ਹਾ ਸਿੱਖਿਆ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਰਜ਼ੀ ਤੌਰ ਤੇ ਹਾਜਰ ਰਿਹਾ। ਕੁਲਵਿੰਦਰ ਕੁਮਾਰ ਦੀ ਪਤਨੀ ਦਾ ਨਾਂ ਸਰਬਜੀਤ ਹੈ ਅਤੇ ਦੋ ਪੁੱਤਰ ਅਤੇ ਇੱਕ ਧੀ ਆਪਣੇ ਆਪਣੇ ਕਾਰੋਬਾਰ ਵਿੱਚ ਜੁਟੇ ਹੋਏ ਹਨ। ਕੁਲਵਿੰਦਰ ਕੁਮਾਰ ਨੇ ਆਪਣੀ ਪੂਰੀ ਸੇਵਾ ਮਿਹਨਤ,ਲਗਨ ਤੇ ਇਮਾਨਦਾਰੀ ਨਾਲ ਨਿਭਾਈ ਅਤੇ ਸਮਾਜਿਕ ਮਿਲਵਰਤਨ ਨਾਲ ਆਪ ਜੀਵਨ ਬਤੀਤ ਕੀਤਾ। ਕੁਲਵਿੰਦਰ ਕੁਮਾਰ ਸੇਵਾਦਾਰ ਮਿਤੀ 31 ਜਨਵਰੀ 2026 ਨੂੰ ਕਰੀਬ 31 ਸਾਲ ਤੋਂ ਵੱਧ ਸਮਾਂ ਸਰਕਾਰੀ ਸੇਵਾ ਨਿਭਾਉਣ ਉਪਰੰਤ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਤੋਂ ਬਤੌਰ ਸੇਵਾਦਾਰ ਸੇਵਾ ਮੁਕਤ ਹੋ ਰਿਹਾ ਹੈ।ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦਾ ਪੂਰਾ ਸਟਾਫ ਕੁਲਵਿੰਦਰ ਕੁਮਾਰ ਸੇਵਾਦਾਰ ਨੂੰ ਉਸ ਦੀ ਸੇਵਾ ਮੁਕਤੀ ਤੇ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੈ।

