ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਨਵਾਂਸ਼ਹਿਰ ਲਈ ‘ਲੋਕਲ ਉਮੀਦਵਾਰ’ ਦੀ ਮੰਗ -ਸੁਖਬੀਰ ਬਾਦਲ ਨਾਲ ਕਰਨਗੇ ਮੁਲਾਕਾਤ

ਨਵਾਂਸ਼ਹਿਰ 11 ਫਰਵਰੀ (ਹਰਵਿੰਦਰ ਸਿੰਘ ,ਮਨਦੀਪ ਦੁੱਗਲ ) ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਨੂੰ ਲੈ ਕੇ ਨਵਾਂਸ਼ਹਿਰ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਇੱਕ ਅਹਿਮ ਮੀਡੀਆ ਵਾਰਤਾ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਲੀਡਰਾਂ ਨੇ ਪਾਰਟੀ ਹਾਈਕਮਾਂਡ ਅੱਗੇ ਜ਼ੋਰਦਾਰ ਮੰਗ ਰੱਖੀ ਕਿ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਲਈ ਕਿਸੇ ਬਾਹਰੀ ਉਮੀਦਵਾਰ ਦੀ ਬਜਾਏ ਹਲਕੇ ਦੇ ਹੀ ਕਿਸੇ ਸਥਾਨਕ ਆਗੂ ਨੂੰ ਉਮੀਦਵਾਰ ਬਣਾਇਆ ਜਾਵੇ।ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਰਮਨਦੀਪ ਸਿੰਘ ਥਿਆੜਾ, ਦੋਆਬਾ ਜ਼ੋਨ ਦੇ ਪ੍ਰਧਾਨ ਭੁਪਿੰਦਰ ਪਾਲ ਸਿੰਘ ਜਾਡਲਾ ਅਤੇ ਸਹਿ-ਹਲਕਾ ਇੰਚਾਰਜ ਤਾਰਾ ਸਿੰਘ ਸੇਖੂਪੁਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਪਾਰਟੀ ਵੱਲੋਂ ਪਹਿਲਾਂ ਚੋਣ ਲੜਨ ਵਾਲੇ ਉਮੀਦਵਾਰ ਵੀ ਕਾਬਲ ਸਨ, ਪਰ ਬਾਹਰੀ ਹੋਣ ਕਾਰਨ ਚੋਣਾਂ ਤੋਂ ਬਾਅਦ ਵਰਕਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬਾਹਰੀ ਉਮੀਦਵਾਰ ਚੋਣ ਹਾਰ ਜਾਂਦਾ ਸੀ, ਤਾਂ ਵਰਕਰਾਂ ਨੂੰ ਆਪਣੀਆਂ ਦੁੱਖ-ਤਕਲੀਫ਼ਾਂ ਸਾਂਝੀਆਂ ਕਰਨ ਲਈ ਵੀ ਦੂਰ-ਦੁਰਾਡੇ ਜਾਣਾ ਪੈਂਦਾ ਸੀ, ਜਿਸ ਨਾਲ ਪਾਰਟੀ ਦਾ ਸੰਗਠਨਾਤਮਕ ਢਾਂਚਾ ਪ੍ਰਭਾਵਿਤ ਹੁੰਦਾ ਹੈ।ਅਕਾਲੀ ਆਗੂਆਂ ਨੇ ਦਲੀਲ ਦਿੱਤੀ ਕਿ ਨਵਾਂਸ਼ਹਿਰ ਹਲਕੇ ਦੇ ਅੰਦਰੋਂ ਮਿਲਿਆ ਉਮੀਦਵਾਰ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਅਤੇ ਇਲਾਕੇ ਦੀ ਭੂਗੋਲਿਕ ਸਥਿਤੀ ਨੂੰ ਜ਼ਿਆਦਾ ਬਾਰੀਕੀ ਨਾਲ ਸਮਝਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਉਮੀਦਵਾਰ 24 ਘੰਟੇ ਲੋਕਾਂ ਦੀ ਪਹੁੰਚ ਵਿੱਚ ਰਹਿੰਦਾ ਹੈ। ਆਗੂਆਂ ਨੇ ਭਰੋਸਾ ਦਿਵਾਇਆ ਕਿ ਜੇਕਰ ਪਾਰਟੀ ਕਿਸੇ ਸਥਾਨਕ ਚਿਹਰੇ ‘ਤੇ ਦਾਅ ਖੇਡਦੀ ਹੈ, ਤਾਂ ਹਲਕੇ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਉਸ ਨੂੰ ਜਿਤਾਉਣ ਲਈ ਦਿਨ-ਰਾਤ ਇੱਕ ਕਰ ਦੇਣਗੇ।ਮੀਡੀਆ ਵਾਰਤਾ ਦੌਰਾਨ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਅਕਾਲੀ ਦਲ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ ਅਤੇ ਪਾਰਟੀ ਮੁੜ ਸਰਕਾਰ ਬਣਾਉਣ ਵੱਲ ਵੱਧ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨਵਾਂਸ਼ਹਿਰ ਹਲਕੇ ਦਾ ਇੰਚਾਰਜ ਜਲਦੀ ਨਿਯੁਕਤ ਕੀਤਾ ਜਾਵੇ ਤਾਂ ਜੋ ਚੋਣ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਇਸ ਸਬੰਧੀ ਉਹ ਜਲਦੀ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿੱਟਾ ਸੱਭਰਵਾਲ, ਅਮਰੀਕ ਸਿੰਘ ਸੇਖੂਪੁਰ, ਕੁਲਦੀਪ ਰਾਮ ਮੀਟਾ, ਗੁਰਦੀਪ ਸਿੰਘ ਨੋਨਾ, ਕਪਿਲ ਕ੍ਰਿਪਾਲ, ਕੁਲਦੀਪ ਸਿੰਘ ਕਰਿਆਮ, ਸ਼ਮਸ਼ੇਰ ਸਿੰਘ ਜਾਡਲਾ, ਗੁਰਚਰਨ ਸਿੰਘ ਭਾਰਟਾ, ਮੋਹਨ ਸਿੰਘ ਵਹਦੀਪੁਰ, ਗੁਰਚਰਨ ਸਿੰਘ ਘੱਕੇਵਾਲ, ਅਮਰੀਕ ਸਿੰਘ, ਅਮਰਜੀਤ ਸਿੰਘ ਅਤੇ ਮਨੀ ਦੁਪਾਲਪੁਰ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਅਤੇ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!