ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ

ਨਵਾਂਸ਼ਹਿਰ 11 ਫਰਵਰੀ (ਹਰਿੰਦਰ ਸਿੰਘ) ਸਥਾਨਕ ਚੰਡੀਗੜ੍ਹ ਰੋਡ ਤੇ ਸਥਿਤ ਪੀਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਤੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਜ਼ਿਲ੍ਹਾ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਨੇ ਮੁੱਖ ਮਹਿਮਾਨ ਤੌਰ ਤੇ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵੱਲੋਂ ਸ਼ਮਾ ਰੋਸ਼ਨ ਕਰਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਆਪਣੇ ਭਾਸ਼ਣ ਵਿੱਚ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਅਤੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ ਨੇ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਬੱਚਿਆਂ ਨੂੰ ਮੁਹਈਆ ਕਰਵਾਉਣ ਵਾਲੀਆਂ ਸੇਵਾਵਾਂ ਦਾ ਬਾਖੂਬੀ ਜਿਕਰ ਕੀਤਾ ਉਨ੍ਹਾਂ ਬੱਚਿਆਂ ਨੂੰ ਸਲਾਨਾ ਪ੍ਰੀਖਿਆਵਾਂ ਲਈ ਸ਼ੁਭ ਇਛਾਵਾਂ ਦਿੱਤੀਆਂ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਬੀਰ ਸਿੰਘ ਨੇ ਉਚੇਚੇ ਤੌਰ ਤੇ ਪੁੱਜ ਕੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਮੁੱਖ ਮਹਿਮਾਨਾਂ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਬੱਚਿਆਂ ਨੂੰ ਪਿਛਲੇ ਵਿਦਿਅਕ ਸੈਸ਼ਨ ਅਤੇ ਚਾਲੂ ਵਰ੍ਹੇ ਦੌਰਾਨ ਸਿੱਖਿਆ ਅਤੇ ਖੇਡਾਂ ਦੇ ਖੇਤਰ ਤੋਂ ਇਲਾਵਾ ਵੱਖ ਵੱਖ ਗਤੀਵਿਧੀਆਂ ਵਿੱਚ ਮਾਰੀਆਂ ਮੱਲਾ ਅਤੇ ਅਕਾਦਮਿਕ ਸੈਸ਼ਨ ਵਿੱਚ ਕੀਤੀਆਂ ਪ੍ਰਾਪਤੀਆਂ ਸਬੰਧੀ ਇਨਾਮ ਦਿੱਤੇ ਅਤੇ ਇਨਾਮ ਤਕਸੀਮ ਕੀਤੇ। ਸਮਾਗਮ ਦੌਰਾਨ ਗ੍ਰਾਮ ਪੰਚਾਇਤ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਾਸਟਰ ਮਨੋਹਰ ਸਿੰਘ ਉਚੇਚੇ ਤੌਰ ਤੇ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਵੀ ਬੱਚਿਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ ਅਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮੈਡਮ ਅਨੀਤਾ ਸ਼ਰਮਾ ਨੇ ਬੱਚਿਆਂ ਨੂੰ ਕਿਹਾ ਕਿ ਸਾਨੂੰ ਸਲਾਨਾ ਪ੍ਰੀਖਿਆਵਾਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਕਿਸੇ ਮੁਕਾਮ ਤੇ ਪਹੁੰਚ ਸਕੀਏ। ਇਨਾਮ ਵੰਡ ਸਮਾਰੋਹ ਦੌਰਾਨ ਬੱਚਿਆਂ ਵੱਲੋਂ ਵੱਖ-ਵੱਖ ਗਤੀਵਿਧੀਆਂ ਜਿਵੇਂ ਐਕਸ਼ਨ ਸੌਂਗ, ਕੋਰੀਉਗ੍ਰਾਫੀ, ਪੰਜਾਬ ਦਾ ਲੋਕ ਨਾਚ ਗਿੱਧਾ, ਭੰਗੜਾ, ਲੁੱਡੀ ਅਤੇ ਸੰਮੀ ਆਦਿ ਪੇਸ਼ ਕਰਕੇ ਸਭ ਦਾ ਮਨੋਰੰਜਨ ਕੀਤਾ ਜਿਸ ਦੀ ਮੁੱਖ ਮਹਿਮਾਨਾਂ ਅਤੇ ਸਿੱਖਿਆ ਅਧਿਕਾਰੀਆਂ ਵੱਲੋਂ ਬੇਹੱਦ ਸ਼ਲਾਘਾ ਕੀਤੀ ਗਈ। ਸਕੂਲ ਮੈਨੇਜਮੈਂਟ ਕਮੇਟੀ, ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਅਤੇ ਸਮੁੱਚੇ ਸਟਾਫ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦਿੱਤੇ ਗਏ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਵਲੋਂ ਮੁੱਖ ਮਹਿਮਾਨਾਂ,ਸਿੱਖਿਆ ਅਧਿਕਾਰੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਮੈਡਮ ਗੁਨੀਤ ਅਤੇ ਮਨਮੋਹਨ ਸਿੰਘ ਵੱਲੋਂ ਨਿਭਾਈ ਗਈ।ਇਸ ਮੌਕੇ ਤੇ ਸਿੱਖਿਆ ਅਧਿਕਾਰੀਆਂ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਇੱਕ ਯਾਦਗਾਰੀ ਤਸਵੀਰ ਵੀ ਖਿਚਵਾਈ। ਇਨਾਮ ਵੰਡ ਸਮਾਰੋਹ ਦੀ ਸਮਾਪਤੀ ਤੇ ਸਭ ਨੇ ਦੁਪਹਿਰ ਦੇ ਭੋਜਨ ਦਾ ਆਨੰਦ ਮਾਣਿਆ। ਇਸ ਤਰ੍ਹਾਂ ਅੱਜ ਦਾ ਸਲਾਨਾ ਇਨਾਮ ਵੰਡ ਸਮਾਰੋਹ ਯਾਦਗਾਰ ਹੋ ਨਿਬੜਿਆ।ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!