ਨਵਾਂਸ਼ਹਿਰ 18 ਫਰਵਰੀ (ਹਰਿੰਦਰ ਸਿੰਘ) ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਸੁਵਿਧਾ ਪ੍ਰਦਾਨ ਕਰਨ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਅਵਾਰਡ ਜੇਤੂ ਦੀ ਯੋਗ ਅਗਵਾਈ ਹੇਠ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਕਰੀਬ 50 ਬੱਚਿਆਂ ਨੇ ਵਿਗਿਆਨ ਦੇ ਭੰਡਾਰ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਵਿੱਦਿਅਕ ਟੂਰ ਲਗਾਇਆ ਜੋ ਕਿ ਪੰਜਾਬ ’ਚ ਜਲੰਧਰ ਤੋਂ ਕਪੂਰਥਲਾ ਰੋਡ ’ਤੇ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਤੇ ਨਿਵੇਕਲਾ ਅਦਾਰਾ ਹੈ। ਅਜੋਕੇ ਯੁੱਗ ’ਚ ਇਹ ਅਦਾਰਾ ਵਿਗਿਆਨ, ਸਿੱਖਿਆ, ਕਲਾ, ਤਕਨੀਕ, ਸੱਭਿਆਚਾਰ ਅਤੇ ਮਨੋਰੰਜਨ ਦਾ ਅਦਭੁੱਤ ਕੇਂਦਰ ਵਜੋਂ ਪ੍ਰਚਲਿਤ ਹੈ। ਵਿਦਿਆਰਥੀਆਂ ਦੇ ਵਿੱਦਿਅਕ ਟੂਰ ਨਾਲ ਗਏ ਅਧਿਆਪਕਾਂ ਜਿਨ੍ਹਾਂ ਵਿਚ ਮੈਡਮ ਰੇਖਾ ਜੁਨੇਜਾ, ਕਲਪਨਾ ਬੀਕਾ ਤੇ ਮਨਪ੍ਰੀਤ ਕੌਰ ਨੇ ਬੱਚਿਆਂ ਨੂੰ ਉਨ੍ਹਾਂ ਦੇ ਗਿਆਨ ਵਿੱਚ ਵਾਧਾ ਕਰਦਿਆਂ ਦੱਸਿਆ ਕਿ ਸਾਇੰਸ ਸਿਟੀ ਅੰਦਰ ਵੱਖ-ਵੱਖ ਵਿਗਿਆਨਕ ਵਿਸ਼ਿਆਂ ਤੇ ਨਿਯਮਾਂ ਨਾਲ ਸਬੰਧਤ ਗੈਲਰੀਆਂ ਬਣੀਆਂ ਹੋਈਆਂ ਹਨ। ਇਨ੍ਹਾਂ ਗੈਲਰੀਆਂ ’ਚ ਸਬੰਧਤ ਵਿਸ਼ਿਆਂ ਨਾਲ ਵਰਕਿੰਗ, ਵਿਹਾਰਕ ਤੇ ਸਟਿੱਲ ਮਾਡਲ ਤੇ ਉਪਕਰਨ ਅਤੇ ਪੇਂਟਿੰਗਾਂ ਵੇਖਣਯੋਗ ਹਨ। ਰੰਗਦਾਰ ਚਾਰਟਾਂ ਰਾਹੀਂ ਬਹੁਤ ਹੀ ਸੌਖੇ ਤੇ ਦਿਲਚਸਪ ਢੰਗ ਨਾਲ ਜਾਣਕਾਰੀ ਦਿੱਤੀ ਹੋਈ ਹੈ। ਸਪੇਸ ਥੀਏਟਰ ’ਚ ਆਮ ਸਿਨੇਮਾ ਨਾਲੋਂ 10 ਗੁਣਾ ਵੱਡੀ ਸਕਰੀਨ ਉੱਪਰ ਬ੍ਰਹਿਮੰਡ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਨੂੰ ਦੇਖਣ ’ਤੇ ਬ੍ਰਹਿਮੰਡ ਦਾ ਸਮੁੱਚਾ ਨਜ਼ਾਰਾ ਸਾਹਮਣੇ ਆ ਜਾਂਦਾ ਹੈ। ਫਲਾਈਟ ਸਿਮੁਲੇਟਰ ’ਚ ਅਦਭੁੱਤ ਸੈਰ ਕਰਨ ਦਾ ਆਨੰਦ ਲਿਆ ਜਾ ਸਕਦਾ ਹੈ। ਅਰਥਕੁਏਕ ਸਿਮੁਲੇਟਰ ’ਚ ਵੱਖ-ਵੱਖ ਰਿਐਕਟਰ ਪੈਮਾਨੇ ਦੇ ਭੂਚਾਲੀ ਝਟਕਿਆਂ ਦਾ ਅਹਿਸਾਸ ਹੁੰਦਾ ਹੈ। ਲੇਜ਼ਰ ਸ਼ੋਅ ਰਾਹੀਂ ਦਿਮਾਗ਼ ਨੂੰ ਚਕਰਾ ਦੇਣ ਵਾਲਾ ਨਜ਼ਾਰਾ ਪੇਸ਼ ਕੀਤਾ ਜਾਂਦਾ ਹੈ। ਥ੍ਰੀ-ਡੀ ਸ਼ੋਅ ਰਾਹੀਂ ਅਨੋਖੀ ਦੁਨੀਆ ਦਾ ਅਹਿਸਾਸ ਹੁੰਦਾ ਹੈ। ‘ਵੋਰਟੈਕਸ’ ਭੁਲੇਖਾ ਪਾਉਣ ਵਾਲੀ ਇਕ ਸੁਰੰਗ ਹੈ। ਇਸ ਅੰਦਰ ਜਾ ਕੇ ਵੱਖ-ਵੱਖ ਭੁਲੇਖਾ ਪਾਉਣ ਵਾਲੀਆਂ ਘਟਨਾਵਾਂ ਮਹਿਸੂਸ ਹੁੰਦੀਆਂ ਹਨ। ਇਸੇ ਤਰ੍ਹਾਂ ਬੱਚਿਆਂ ਨੇ ਡਿਜੀਟਲ ਤਾਰਾ ਵਿਗਿਆਨ,ਲੇਜ਼ਰ ਥੀਏਟਰ,3 ਡੀ ਥੀਏਟਰ, ਫਲਾਈਟ ਸਿਮੂਲੇਟਰ,ਮੌਸਮ ਦਾ ਬਦਲਾ ਥੀਏਟਰ,ਭੂਚਾਲ ਸਿਮੂਲੇਟਰ,ਪੁਲਾੜ ਉਰਜਾ ਪਾਰਕ,ਸਿਹਤ ਗੈਲਰੀ,ਖੇਡ ਵਿਗਿਆਨ,ਅਭਾਸੀ ਅਤੇ ਵਾਸਤਵਿਕ ਰੌਚਕ ਵਿਗਿਆਨ, ਡਾਇਨਾਸੋਰ ਪਾਰਕ,ਮਨੁੱਖੀ ਜੀਵਨ ਰੱਖਿਆ ਗੈਲਰੀ,ਮੋਬਾਇਲ ਵਿਗਿਆਨ ਬਸ,ਘਟਨਾਵਾਂ ਦਾ ਕਲੰਡਰ ਆਦਿ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ।ਇਸ ਦੌਰਾਨ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਤਰ੍ਹਾਂ ਬੱਚਿਆਂ ਨੇ ਆਪਣਾ ਦਿਲ ਗਿਆਨ ਵਿੱਚ ਵਾਧਾ ਕਰਕੇ ਬਿਤਾਇਆ





