ਨਵਾਂਸ਼ਹਿਰ 14 ਮਾਰਚ (ਹਰਿੰਦਰ ਸਿੰਘ)ਅੱਜ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਸੂਬਾ ਪ੍ਰਧਾਨ ਪਤਵੰਤ ਸਿੰਘ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰਧਾਨ ਨੇ ਕਿਹਾ ਕਿ ਸਮੁੱਚੇ ਮੁਲਾਜ਼ਮ ਵਰਗ ਤੇ ਸਰਕਾਰ ਵੱਲੋਂ ਅਤਿਆਚਾਰ ਕਰਨ ਕਾਰਨ ਮੁਲਾਜ਼ਮਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਉੱਠ ਗਿਆ ਹੈ ਬੀਤੇ ਦਿਨੀਂ ਪੁਰਾਣੀ ਪੈਨਸ਼ਨ ਬਹਾਲੀ ਫਰੰਟ ਵੱਲੋਂ ਅਤੇ ਸਾਂਝੇ ਅਧਿਆਪਕ ਮੋਰਚੇ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਅਤੇ ਬੰਦ ਹੋਏ ਭੱਤੇ ਸ਼ੁਰੂ ਕਰਵਾਉਣ, ਅਧਿਆਪਕ ਵਰਗ ਤੇ ਜਬਰੀ ਥੋਪੇ ਗਏ ਟੈਟ ਦੇ ਟੈਸਟ ਤੋਂ ਛੋਟ ਲੈਣ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਅੰਨ੍ਹੇਵਾਹ ਲਾਠੀਚਾਰਜ ਕਰਨ, ਅਧਿਆਪਕ ਭੈਣਾਂ ਦੀਆਂ ਚੁੰਨੀਆਂ ਉਤਾਰਨ ਅਤੇ ਅਧਿਆਪਕ ਭਰਾਵਾਂ ਦੀਆਂ ਪੱਗਾਂ ਰੋਲਣ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਸੂਬਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਮੁੱਖ ਤੌਰ ਇਹ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੀ ਰਹੀ ਹੈ ਕਿ ਸਾਡੀ ਸਰਕਾਰ ਆਉਣ ਤੇ ਕਿਸੇ ਨੂੰ ਧਰਨੇ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ। ਅਸੀਂ ਹਰ ਮਹੀਨੇ ਜਥੇਬੰਦੀਆਂ ਨਾਲ ਮੀਟਿੰਗਾਂ ਕਰਕੇ ਮਸਲਿਆਂ ਦਾ ਹੱਲ ਕਰਾਂਗੇ।ਪਰ ਪਿਛਲੇ ਚਾਰ ਸਾਲਾਂ ਤੋਂ ਸੱਤਾ ਵਿੱਚ ਰਹਿਣ ਦੇ ਬਾਵਜੂਦ ਇਕ ਵੀ ਮੀਟਿੰਗ ਸਾਡੀ ਜਥੇਬੰਦੀ ਨਾਲ ਨਹੀਂ ਕੀਤੀ ਗਈ। ਨਾ ਹੀ ਕੋਈ ਸਾਡੇ ਕੇਡਰ ਦਾ ਮਸਲਾ ਹੱਲ ਕੀਤਾ ਗਿਆ। ਸਾਡੇ ਵੱਲੋਂ ਸਮੇਂ-ਸਮੇਂ ਤੇ ਦਫ਼ਤਰਾਂ ਵਿਚ ਜਾ ਕੇ,ਸੋਸ਼ਲ ਮੀਡੀਆ ਰਾਹੀਂ ਅਤੇ ਡਾਕ ਰਾਹੀਂ ਮੀਟਿੰਗ ਕਰਨ ਲਈ ਮੰਗ – ਪੱਤਰ ਭੇਜ ਕੇ ਬੇਨਤੀਆਂ ਕੀਤੀਆਂ ਗਈਆਂ। ਪਰ ਇਸ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਹੀ ਸਾਹਮਣੇ ਆਇਆ ਹੈ ਕਿਉਂਕਿ ਸਾਲ 2011 ਤੋਂ ਐਸ ਐਲ ਏ ਕਰਮਚਾਰੀਆਂ ਦੀ ਪੇ ਪੈਰਿਟੀ ਟੁੱਟੀ ਹੈ ਜਿਸ ਕਾਰਨ ਸਮੁੱਚੇ ਐਸ ਐਲ ਏ ਕਰਮਚਾਰੀ ਆਪਣੇ ਬਰਾਬਰਤਾ ਦੇ ਕੇਡਰਾਂ ਨਾਲੋਂ ਹਰ ਮਹੀਨੇ 73% ਦੇ ਘਾਟੇ ਨਾਲ ਪਛੜ ਰਹੇ ਹਨ ਜਿਸ ਕਾਰਨ ਮਹਿਗਾਈ ਦੇ ਦੌਰ ਵਿੱਚ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ ਹੈ ਇਹ ਸਭ ਸਰਕਾਰ ਅਤੇ ਸਿੱਖਿਆ ਵਿਭਾਗ ਦੀ ਲਾਪਰਵਾਹੀ ਕਾਰਨ ਹੋ ਰਿਹਾ ਹੈ। ਸਮੁੱਚੇ ਐਸ ਐਲ ਏ ਕਰਮਚਾਰੀਆਂ ਅੰਦਰ ਬਹੁਤ ਰੋਸ ਹੈ ਇਸੇ ਰੋਸ ਦੇ ਵਿਰੋਧ ਵਿਚ ਅਸੀਂ ਅਗਲੇ ਮਹੀਨੇ ਮਿਤੀ 11/04/26 ਨੂੰ ਸ੍ਰ ਹਰਪਾਲ ਸਿੰਘ ਚੀਮਾ ਦੇ ਘਰ ਅੱਗੇ ਵੱਡਾ ਐਕਸ਼ਨ ਕਰਾਂਗੇ।ਜਥੇਬੰਦੀ ਦੇ ਮੁੱਖ ਬੁਲਾਰੇ ਸ੍ਰ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਿੱਖਿਆ ਵਿਭਾਗ ਨੂੰ ਪਿਛਲੇ ਚਾਰ ਸਾਲਾਂ ਤੋਂ ਅਸਾਮੀ ਦਾ ਨਾਮ ਬਦਲਣ ਦੀ ਮੰਗ ਕੀਤੀ ਗਈ ਹੈ ਜਿਸ ਦਾ ਸਰਕਾਰ ਜਾਂ ਸਿਖਿਆ ਵਿਭਾਗ ਤੇ ਕੋਈ ਵਿੱਤੀ ਬੋਝ ਵੀ ਨਹੀਂ ਪੈਂਦਾ। ਪਰ ਚਾਰ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਮੰਗ ਪੂਰੀ ਨਹੀਂ ਹੋਈ ਜਿਸ ਤੋਂ ਮਜਬੂਰ ਹੋ ਕੇ ਅਸੀਂ ਮਿਤੀ 11 ਅਪ੍ਰੈਲ 2026 ਨੂੰ ਸ੍ਰ ਹਰਪਾਲ ਸਿੰਘ ਚੀਮਾ ਨੇ ਘਰ ਅੱਗੇ ਤਿਖਾ ਸੰਘਰਸ਼ ਕਰਨ ਕਰਨ ਜਾ ਰਹੇ ਹਾਂ। ਇਹ ਸੰਘਰਸ਼ ਹੀ ਹੁਣ ਸਾਡਾ ਭਵਿੱਖ ਤਹਿ ਕਰੇਗਾ । ਇਸ ਰੈਲੀ ਵਿਚ ਜਥੇਬੰਦੀ ਦੇ ਸਾਰੇ ਜ਼ਿਲ੍ਹਿਆਂ ਤੋਂ ਐਸ ਐਲ ਏ ਕਰਮਚਾਰੀ ਆਪਣੇ ਜ਼ਿਲ੍ਹਾ ਪ੍ਰਧਾਨ ਸਹਿਬਾਨਾਂ ਦੀ ਅਗਵਾਈ ਵਿੱਚ ਹਾਜ਼ਰ ਹੋਣਗੇ ਅਤੇ ਐਸ ਐਲ ਏ ਕਰਮਚਾਰੀਆਂ ਦੇ ਵੱਖ-ਵੱਖ ਮਸਲਿਆਂ ਤੇ ਅਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।ਜਥੇਬੰਦੀ ਦੇ ਸੂਬਾਈ ਮੈਂਬਰ ਸ੍ਰ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਯੋਗਤਾ ਦੇ ਹਿਸਾਬ ਨਾਲ ਐਸ ਐਲ ਏ ਕਰਮਚਾਰੀਆਂ ਦੀਆਂ ਵੱਖ-ਵੱਖ ਪੋਸਟਾਂ ਤੇ ਤਰੱਕੀਆਂ ਕਰਨ ਅਤੇ ਨਾਨ-ਟੀਚਿੰਗ ਕਰਮਚਾਰੀਆਂ ਦਾ ਪ੍ਰਮੋਸ਼ਨ ਕੋਟਾ 1% ਤੋ ਵਧਾ ਕੇ 4% ਕਰਨ ਬਾਰੇ ਵੀ ਸਿਖਿਆ ਵਿਭਾਗ ਨੂੰ ਕਈ ਵਾਰ ਮੰੰਗ ਪੱਤਰ ਦਿੱਤਾ ਗਿਆ ਹੈ ਪਰ ਡਾਇਰੈਕਟਰ ਐਜੂਕੇਸ਼ਨ ਵੱਲੋਂ ਭਰੋਸਾ ਦੇਣ ਤੋਂ ਬਾਅਦ ਕੋਈ ਹੱਲ ਨਹੀਂ ਕੀਤਾ ਗਿਆ । ਮੁਕਦੀ ਗੱਲ ਇਹ ਹੈ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਐਸ ਐਲ ਏ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲਈ ਪਰ ਹੁਣ ਅਸੀਂ ਹੋਰ ਚੁੱਪ ਨਹੀਂ ਬੈਠਾਂਗੇ ਅਸੀਂ ਆਪਣੀ 11 ਅਪ੍ਰੈਲ 2026 ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਅੱਗੇ ਸੰਘਰਸ਼ੀ ਰੈਲੀ ਕਰਕੇ ਆਪਣੇ ਹੱਕ ਲਵਾਂਗੇ। ਇਸ ਮੌਕੇ ਸੂਬਾ ਸ੍ਰਪਰਸਤ ਜਸਵੰਤ ਰਾਏ, ਸੂਬਾ ਵਿੱਤ ਸਕੱਤਰ, ਸੁਖਮੰਦਰ ਸਿੰਘ ਮੋਗਾ, ਸੂਬਾ ਜਨਰਲ ਸਕੱਤਰ ਪੰਕਜ ਸਪਰਾ, ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ, ਸੂਬਾ ਸੀਨੀਅਰ ਮੀਤ ਪ੍ਰਧਾਨ ਦਿਲਪ੍ਰੀਤ ਸਿੰਘ ਭਿੰਡਰ, ਸੂਬਾ ਮੀਤ ਪ੍ਰਧਾਨ ਯੋਗੇਸ਼ ਕੌੜਾ,ਸੂਬਾ ਜਥੇਬੰਦਕ ਸਕੱਤਰ ਜਤਿੰਦਰ ਸਿੰਘ ਭੰਗੂ, ਸੂਬਾ ਪ੍ਰੈਸ ਸਕੱਤਰ ਪਰਮਜੀਤ ਕੁਮਾਰ, ਸੂਬਾ ਜਥੇਬੰਦਕ ਸਕੱਤਰ ਜਤਿੰਦਰ ਸਿੰਘ ਭੰਗੂ, ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਅੰਮ੍ਰਿਤਸਰ, ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਗੁਰਦਾਸਪੁਰ, ਜ਼ਿਲ੍ਹਾ ਪ੍ਰਧਾਨ ਪਰਦੀਪ ਕੁਮਾਰ ਤਰਨਤਾਰਨ, ਜ਼ਿਲ੍ਹਾ ਪ੍ਰਧਾਨ ਅਨਿਲ ਕੁਮਾਰ ਜਲੰਧਰ , ਜ਼ਿਲ੍ਹਾ ਪ੍ਰਧਾਨ ਵਿਕਾਸ ਅਗਰਵਾਲ ਲੁਧਿਆਣਾ ਆਦਿ ਹਾਜ਼ਰ ਰਹੇ।


