ਲੰਗੜੋਆ ਸਕੂਲ ਵਿਖੇ ਵਿਸ਼ਵ ਸਿਹਤ ਦਿਵਸ ਮੌਕੇ ਕੀਤਾ ਬੱਚਿਆਂ ਨੂੰ ਜਾਗਰੂਕ/ਮੁਬਾਇਲ ਫੋਨ ਦੀ ਬੇਲੋੜੀ ਵਰਤੋਂ ਵਿਦਿਆਰਥੀ ਜੀਵਨ ਲਈ ਘਾਤਕ – ਪ੍ਰਿੰਸੀਪਲ ਅਗਨੀਹੋਤਰੀ

ਨਵਾਂਸ਼ਹਿਰ 07 ਅਪ੍ਰੈਲ (ਹਰਿੰਦਰ ਸਿੰਘ) ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ ਦੀ ਯੋਗ ਅਗਵਾਈ ਦੇਣ ਅੱਜ ਸੰਸਥਾ ਵਿੱਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ।ਇਸ ਮੌਕੇ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਵਿਸ਼ਵ ਸਿਹਤ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ। ਸਾਇੰਸ ਅਧਿਆਪਕ ਸੁਖਵਿੰਦਰ ਲਾਲ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਹੋਇਆਂ ਦਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਨੇ 1948 ਪਹਿਲੀ ਵਿਸ਼ਵ ਸਿਹਤ ਸਭਾ ਦੀ ਮੀਟਿੰਗ ਬੁਲਾਈ ਅਤੇ ਇਹ ਨਿਰਣਾ ਲਿਆ ਗਿਆ ਕਿ ਹਰ ਸਾਲ ਇਹ ਦਿਨ 7 ਅਪ੍ਰੈਲ ਨੂੰ ਮਨਾਇਆ ਜਾਵੇਗਾ ਅਤੇ ਇਸ ਮੌਕੇ ਵਿਸਵ ਦੇ ਲੋਕਾਂ ਦੀ ਸਿਹਤ ਸੰਬੰਧੀ ਸੈਮੀਨਾਰ, ਗੋਸ਼ਟੀਆਂ, ਨਾਟਕ, ਨੁਕੜ ਨਾਟਕ ਕਰਵਾ ਕਿ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਵੇਗਾ। ਅੱਗੇ ਉਨ੍ਹਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਇਸ ਦਿਨ ਦਾ ਇਹ ਮਾਟੋ ਰਿਹਾ ਹੈ ਕਿ ਤੰਦਰੁਸਤੀ ਜੀਵਨ ਵਿੱਚ ਸਾਰੀਆਂ ਖੁਸ਼ੀਆਂ ਦਾ ਆਧਾਰ ਹੈ, ਇਸ ਲਈ ਹਰੇਕ ਮਨੁੱਖ ਨੂੰ ਚੰਗੇ ਖਾਣ-ਪੀਣ, ਸਾਫ-ਸਫਾਈ ਅਤੇ ਕਸਰਤ ਨਾਲ ਸਰੀਰ ਨੂੰ ਤੰਦਰੁਸਤ ਬਣਾਈ ਰੱਖਣ ਦੇ ਯਤਨ ਕਰਨੇ ਚਾਹੀਦੇ ਹਨ। ਹਰ ਸਾਲ ਲੋਕਾਂ ਨੂੰ ਚੰਗੀ ਸਿਹਤ, ਖਾਣ-ਪੀਣ ਦੇ ਚੰਗੇ ਅਸੂਲ ਅਤੇ ਬੀਮਾਰੀਆਂ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਾਧਾਨੀਆਂ ਬਾਰੇ ਜਾਣੂੰ ਕਰਵਾਇਆ। ਕਸਰਤ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆ ਤੋਂ ਬਚ ਸਕਦੇ ਹਾਂ। ਜੰਕ ਫੂਡ ਤੋਂ ਦੂਰ ਰਹਿਣਾ ਚਾਹੀਦਾ ਹੈ। ਵਿਸ਼ਵ ਸਿਹਤ ਦਿਵਸ ਦਾ ਮੁਖ ਮਕਸਦ ਹੈ ਕਿ ਲੋਕਾਂ ਨੂੰ ਆਪਣੀ ਸਿਹਤ ਬਾਰੇ ਜਾਗਰੂਕ ਹੋਣ ਦੀ ਲੋੜ ਹੈ। ਸਾਨੂੰ ਸਿਹਤ ਉੱਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਸਮੁੱਚੇ ਸਟਾਫ ਦੀ ਮੌਜੂਦਗੀ ਵਿੱਚ ਬੱਚਿਆਂ ਨੂੰ ਅੱਜ ਦੇ ਦਿਨ ਸਬੰਧੀ ਸਵਾਲ ਪੁੱਛੇ ਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਇਨਾਮ ਵਜੋਂ ਪੈਨ ਤਕਸੀਮ ਕੀਤੇ ਗਏ। ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਮੰਚ ਤੋਂ ਬੱਚਿਆਂ ਨੂੰ ਸਿਹਤ ਦੀ ਸੰਭਾਲ ਲਈ ਅਤੇ ਰੋਜ਼ਾਨਾ ਕਸਰਤ ਕਰਨ ਲਈ ਪ੍ਰੇਰਿਤ ਕਰਦਿਆਂ ਮੁਬਾਇਲ ਫੋਨ ਦੇ ਨਫੇ ਨੁਕਸਾਨ ਬਾਰੇ ਝਾਤ ਪਾਈ।ਇਸ ਮੌਕੇ ਸਮੁੱਚੇ ਸਟਾਫ ਤੋਂ ਇਲਾਵਾ ਬੱਚੇ ਹਾਜ਼ਰ ਰਹੇ।

Leave a Reply

Your email address will not be published. Required fields are marked *

error: Content is protected !!