ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵਿਧਾਇਕਾਂ ਨੀਨਾ ਮਿੱਤਲ ਦੇ ਗ੍ਰਹਿ ਵਿਖੇ ਕੀਤੀ ਸ਼ਮੂਲੀਅਤ

ਵਿਧਾਇਕਾ ਨੀਨਾ ਮਿੱਤਲ ਨੇ ਪਰਿਵਾਰ ਸਮੇਤ ਭਾਈ ਸਾਹਿਬ ਦਾ ਕੀਤਾ ਨਿੱਘਾ ਸੁਵਾਗਤ

ਰਾਜਪੁਰਾ, 18 ਸਤੰਬਰ (ਦੀਪਕ ਕੁਮਾਰ): ਪ੍ਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਇਕਾਈ ਰਾਜਪੁਰਾ ਅਤੇ ਆੜਤੀ ਭਾਈਚਾਰੇ ਸਮੇਤ ਇਲਾਕੇ ਦੀਆਂ ਸੰਗਤਾਂ ਵੱਲੋਂ ਬੀਤੇ ਦਿਨੀਂ ਰਾਜਪੁਰਾ ਅਨਾਜ ਮੰਡੀ ਵਿਖੇ 15, 16 ਅਤੇ 17 ਸਤੰਬਰ ਨੂੰ ਆਯੋਜਿਤ ਤਿੰਨ ਰੋਜ਼ਾ “ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ” ਦਾ ਅਖੀਰਲਾ ਦਿਨ ਆਤਮਕ ਰੰਗਾਂ ਨਾਲ ਰੰਗਿਆ ਰਿਹਾ। ਇਸ ਧਾਰਮਿਕ ਸਮਾਗਮ ਦੇ ਅਖੀਰਲੇ ਦਿਵਾਨ ਵਾਲੇ ਦਿਨ ਪ੍ਰਸਿੱਧ ਗੁਰਮਤਿ ਪ੍ਰਚਾਰਕ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਆਪਣੇ ਜਥੇ ਸਮੇਤ ਹਲਕਾ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਗ੍ਰਹਿ ਵਿਖੇ ਸ਼ਮੂਲੀਅਤ ਕੀਤੀ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਆਪਣੇ ਪਤੀ ਸ੍ਰੀ ਅਜੇ ਮਿੱਤਲ, ਸਪੁੱਤਰ ਐਡਵੋਕੇਟ ਲਵੀਸ ਮਿੱਤਲ, ਪੁੱਤਰ-ਨੂੰਹ ਹੀਨਾ ਮਿੱਤਲ ਸਮੇਤ ਪੂਰੇ ਪਰਿਵਾਰ ਨਾਲ ਮਿਲ ਕੇ ਭਾਈ ਸਾਹਿਬ ਦਾ ਨਿੱਘਾ ਸੁਆਗਤ ਕੀਤਾ। ਇਸ ਮੌਕੇ ਮਿੱਤਲ ਪਰਿਵਾਰ ਵੱਲੋਂ ਭਾਈ ਸਾਹਿਬ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਇਹ ਉਨ੍ਹਾਂ ਲਈ ਬੜਾ ਹੀ ਸੁਭਾਗਾ ਸਮਾਂ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉਨ੍ਹਾਂ ਨੂੰ ਅਸ਼ੀਰਵਾਦ ਦੇਣ ਲਈ ਉਨ੍ਹਾਂ ਦੇ ਘਰ ਪਹੁੰਚੇ ਹਨ।
ਇਸ ਦੌਰਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਧਾਰਮਿਕ ਵਿਚਾਰਧਾਰਾ, ਗੁਰਮਤਿ ਪ੍ਰਚਾਰ ਦੀ ਮਹੱਤਤਾ ਅਤੇ ਸੇਵਾ-ਭਾਵਨਾ ਨੂੰ ਜੀਵਨ ਵਿੱਚ ਅਪਣਾਉਣ ਬਾਰੇ ਵਿਚਾਰ ਸਾਂਝੇ ਕੀਤੇ।ਇਸ ਮੌਕੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਨੇ ਕਿਹਾ ਕਿ ਗੁਰਬਾਣੀ ਸਾਨੂੰ ਇਕਤਾ, ਪਿਆਰ ਅਤੇ ਸੇਵਾ ਦਾ ਪੈਗਾਮ ਦਿੰਦੀ ਹੈ। ਸੰਗਤਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਗੁਰਬਾਣੀ ਦੇ ਉਪਦੇਸ਼ਾਂ ਨੂੰ ਅਪਣਾਉਣ ਨੂੰ ਤਰਜੀਹ ਦੇਣ।ਭਾਈ ਸਾਹਿਬ ਨੇ ਕਿਹਾ ਕਿ ਧਾਰਮਿਕ ਸਮਾਗਮਾਂ ਵਿੱਚ ਸ਼ਮੂਲੀਅਤ ਨਾਲ ਆਤਮਕ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਤੇ ਮਨੁੱਖੀ ਜੀਵਨ ਦਾ ਸੱਚਾ ਮੰਤਵ ਸਮਝਣ ਦਾ ਮੌਕਾ ਮਿਲਦਾ ਹੈ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਆਪਸੀ ਭਾਈਚਾਰਕ ਸਾਂਝ, ਸਮਾਜਿਕ ਸਹਿਯੋਗ ਅਤੇ ਲੋਕ ਭਲਾਈ ਨਾਲ ਜੁੜੇ ਮੱਦੇ ‘ਤੇ ਗੱਲਬਾਤ ਕੀਤੀ ਅਤੇ ਭਾਈ ਸਾਹਿਬ ਤੋਂ ਹਲਕੇ ਵਾਸੀਆਂ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ। ਵਿਧਾਇਕਾ ਨੀਨਾ ਮਿੱਤਲ ਦੇ ਗ੍ਰਹਿ ਵਿਖੇ ਭਾਈ ਸਾਹਿਬ ਦੀ ਸ਼ਮੂਲੀਅਤ ਨਾਲ ਮਿੱਤਲ ਪਰਿਵਾਰ ਹੀ ਨਹੀਂ ਸਗੋਂ ਪੂਰੇ ਇਲਾਕੇ ਦੀ ਸੰਗਤ ਨੇ ਅਤੇ ਪਾਰਟੀ ਵਲੰਟੀਅਰ ਨੇ ਵੀ ਆਪਣੇ ਆਪ ਨੂੰ ਨਿਹਾਲ ਮਹਿਸੂਸ ਕੀਤਾ। ਇਸ ਮੌਕੇ ਸੰਗਤਾਂ ਵੱਲੋਂ ਵੀ ਭਾਈ ਸਾਹਿਬ ਨੂੰ ਸਤਿਕਾਰ ਸਹਿਤ ਸੁਆਗਤ ਕਰਦੇ ਹੋਏ ਉਨ੍ਹਾਂ ਦੀਆਂ ਪ੍ਰੇਰਣਾਦਾਇਕ ਬਾਣੀਆਂ ਨੂੰ ਸਿਰ-ਮੱਥੇ ਲਾਇਆ ਗਿਆ।ਇਸ ਤੋਂ ਬਾਅਦ ਵਿਧਾਇਕਾ ਨੀਨਾ ਮਿੱਤਲ ਨੇ ਆਪਣੇ ਪਰਿਵਾਰ ਸਮੇਤ ਅਨਾਜ ਮੰਡੀ ਰਾਜਪੁਰਾ ਵਿਖੇ ਚੱਲ ਰਹੇ ਤਿੰਨ ਰੋਜ਼ਾ ਧਾਰਮਿਕ ਦਿਵਾਨਾਂ ਵਿੱਚ ਹਾਜ਼ਰੀ ਭਰੀ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਅਤੇ ਹਲਕਾ ਰਾਜਪੁਰਾ ਦੀ ਸੁੱਖ-ਸ਼ਾਂਤੀ, ਆਪਸੀ ਮਿਲਵਰਤਨ ਅਤੇ ਇਲਾਕੇ ਦੀ ਤਰੱਕੀ ਲਈ ਅਰਦਾਸ ਵੀ ਕੀਤੀ। ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਆਂ ਸਿੱਖਿਆਵਾਂ ਅਤੇ ਆਤਮਕ ਰਾਹਨੁਮਾਈ ਇਲਾਕੇ ਦੇ ਲੋਕਾਂ ਨੂੰ ਧਾਰਮਿਕਤਾ ਵੱਲ ਪ੍ਰੇਰਿਤ ਕਰਨਗੀਆਂ।ਇਸ ਮੌਕੇ ਮਿੱਤਲ ਪਰਿਵਾਰ ਵੱਲੋਂ ਕਿਹਾ ਗਿਆ ਕਿ ਭਾਈ ਸਾਹਿਬ ਜੀ ਦੇ ਚਰਨ ਪੈਣ ਨਾਲ ਘਰ ਧੰਨ ਹੋ ਗਿਆ ਹੈ ਅਤੇ ਇਹ ਉਹਨਾਂ ਲਈ ਜੀਵਨ ਭਰ ਯਾਦਗਾਰ ਰਹੇਗਾ। ਰਾਜਪੁਰਾ ਦੀਆਂ ਵੱਖ-ਵੱਖ ਸੰਸਥਾਵਾਂ ਅਤੇ ਇਲਾਕਾ ਵਾਸੀਆਂ ਨੇ ਵੀ ਵਿਧਾਇਕਾ ਨੀਨਾ ਮਿੱਤਲ ਦੇ ਇਸ ਧਾਰਮਿਕ ਜੁੜਾਅ ਦੀ ਪ੍ਰਸ਼ੰਸਾ ਕੀਤੀ। ਉਹਨਾਂ ਨੇ ਕਿਹਾ ਕਿ ਰਾਜਨੀਤਕ ਆਗੂਆਂ ਵੱਲੋਂ ਇਸ ਤਰ੍ਹਾਂ ਦੇ ਆਤਮਕ ਸਮਾਗਮਾਂ ਵਿੱਚ ਸ਼ਮੂਲੀਅਤ ਨਾ ਸਿਰਫ਼ ਲੋਕਾਂ ਨਾਲ ਨਜ਼ਦੀਕੀਆਂ ਬਣਾਉਂਦੀ ਹੈ ਸਗੋਂ ਸਾਰਿਆਂ ਵਿੱਚ ਇਕਜੁੱਟਤਾ ਅਤੇ ਪਿਆਰ ਦਾ ਸੰਦੇਸ਼ ਵੀ ਪਹੁੰਚਾਉਂਦੀ ਹੈ।ਇਸ ਮੌਕੇ ਭਾਈ ਸਾਹਿਬ ਨਾਲ ਹੋਰ ਵੀ ਮਹਾਂਪੁਰਖ ਅਤੇ ਧਾਰਮਿਕ ਸਖਸ਼ੀਅਤਾਂ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!