ਨਵਾਂਸ਼ਹਿਰ 13 ਅਕਤੂਬਰ (ਹਰਿੰਦਰ ਸਿੰਘ )ਪਿਛਲੇ 22 ਸਾਲਾਂ ਤੋਂ ਵਾਤਾਵਰਣ ਦੀ ਸਾਂਭ-ਸੰਭਾਲ ਲਈ ਜਾਗਰੂਕ ਕਰ ਰਹੀ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਦੋਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਕਲੀਨ ਅਤੇ ਗ੍ਰੀਨ ਦਿਵਾਲੀ ਮਨਾਉਣ ਲਈ ਅਵੇਅਰਨੈਸ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਵਾਇਸ ਪ੍ਰਧਾਨ ਤਰਸੇਮ ਲਾਲ ਨੇ ਕਿਹਾ ਕਿ ਦੀਵਾਲੀ ਤਿਓਹਾਰ ਸਮਾਜ ਦੇ ਸਾਰੇ ਹੀ ਵਰਗ ਮਿਲ-ਜੁਲ ਕੇ ਮਨਾਉਂਦੇ ਹਨ। ਇਹ ਆਪਸੀ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਸਮੇਂ ਦੇ ਨਾਲ ਇਸ ਨੂੰ ਮਨਾਉਣ ਦੇ ਤੌਰ-ਤਰੀਕੇ ਤੇਜੀ ਨਾਲ ਬਦਲ ਗਏ ਹਨ। ਨੌਜਵਾਨ ਪੀੜੀ ਪਟਾਕੇ ਅਤੇ ਆਤਿਸ਼ਬਾਜੀ ਚਲਾਉਣਾ ਹੀ ਖੁਸ਼ੀ ਹਾਸਿਲ ਕਰਨ ਦਾ ਤਰੀਕਾ ਸਮਝ ਰਹੀ ਹੈ। ਇਸ ਨਾਲ ਭਾਰੀ ਮਾਤਰਾ ਵਿੱਚ ਪਰਦੂਸ਼ਣ ਪੈਦਾ ਹੁੰਦਾ ਹੈ ਅਤੇ ਅੱਗ ਲਗਣ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਅਸੀਂ ਜਾਣੇ ਅਣਜਾਣੇ ਵਿੱਚ ਆਪਣੇ ਮਾਪਿਆਂ ਦੀ ਮਿਹਨਤ ਦੀ ਕਮਾਈ ਨੂੰ ਆਪਣੇ ਹੱਥਾਂ ਨਾਲ ਅੱਗ ਲਗਾ ਕੇ ਪੈਸੇ, ਸਿਹਤ ਅਤੇ ਵਾਤਾਵਰਣ ਦਾ ਨੁਕਸਾਨ ਕਰ ਲੈਂਦੇ ਹਾਂ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਵਿੱਚ ਜੰਗਲੀ ਖੇਤਰ ਲਗਾਤਾਰ ਘਟ ਰਿਹਾ ਹੈ। ਪਰਦੂਸ਼ਣ ਰੋਕਣ ਲਈ ਵਿਦਿਆਰਥੀਆਂ ਨੂੰ ਦਿਵਾਲੀ ਰਵਾਇਤੀ ਢੰਗ ਨਾਲ ਮਨਾਉਣ ਅਤੇ ਆਪਣੇ ਘਰ ਜਾ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਸੁਸਾਇਟੀ ਦੇ ਚੇਅਰਮੈਨ ਰਾਜਨ ਅਰੋੜਾ ਨੇ ਵਿਦਿਆਰਥੀਆਂ ਨੂੰ ਲਗਨ ਅਤੇ ਮਿਹਨਤ ਨਾਲ ਉੱਚ ਸਿਖਿਆ ਪ੍ਰਾਪਤ ਕਰ ਕੇ ਆਪਣੇ ਸਕੂਲ,ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਕੇ ਸਮਾਜ ਦੀ ਸੇਵਾ ਕਰਨ ਦੀ ਅਪੀਲ ਕੀਤੀ। ਸਕੂਲ ਮੁੱਖੀ ਪਰਵਿੰਦਰ ਸਿੰਘ ਰਾਣਾ ਨੇ ਸਕੂਲ ਦੇ ਇਤਿਹਾਸ ਅਤੇ ਸਿਖਿਆ ਦੇ ਖੇਤਰ ਵਿੱਚ ਸਕੂਲ ਵਲੋਂ ਪਾਏ ਜਾ ਰਹੇ ਯੋਗਦਾਨ ਵਾਰੇ ਜਾਗਰੂਕ ਕਰਦੇ ਹੋਏ ਵਿਦਆਰਥੀਆਂ ਨੂੰ ਵਾਤਾਵਰਣ ਸੰਭਾਲ ਸੁਸਾਇਟੀ ਵਲੋਂ ਕੀਤੀ ਜਾ ਰਹੀ ਜਨ ਸੇਵਾ ਦੀ ਭਾਵਨਾ ਤੋਂ ਪ੍ਰੇਰਣਾ ਲੈ ਕੇ ਗਲੋਬਲ ਵਾਰਮਿੰਗ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਬੂਟੇ ਲਗਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਅਤੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਕੰਮ ਕਰਨ ਲਈ ਕਿਹਾ। ਸਕੂਲ ਦੇ ਵਿਦਿਆਰਥੀ ਸਰਸ ਕੁਮਾਰ ਅਤੇ ਮਨਪ੍ਰੀਤ ਸਿੰਘ ਕੋਲੋਂ ਬੂਟੇ ਲਗਵਾ ਕੇ ਬੂਟਿਆਂ ਨੂੰ ਪਾਲਣ-ਪੋਸ਼ਣ ਲਈ ਪ੍ਰੇਰਿਤ ਕੀਤਾ ਗਿਆ। ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪ੍ਰਦੂਸ਼ਣ ਰਹਿਤ ਕਲੀਨ ਅਤੇ ਗ੍ਰੀਨ ਦਿਵਾਲੀ ਮਨਾਉਣ ਲਈ ਬਹੁਤ ਹੀ ਵਧੀਆ ਪੋਸਟਰ ਬਣਾ ਕੇ ਬਾਕੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਸੁਸਾਇਟੀ ਦੇ ਚੇਅਰਮੈਨ ਰਾਜਨ ਅਰੋੜਾ,ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਇਸ ਪ੍ਰਧਾਨ ਤਰਸੇਮ ਲਾਲ, ਧਰਮ ਪਾਲ ਬਾਲੀ, ਕੁਲਦੀਪ ਕੁਮਾਰ, ਬਲਜੀਤ ਚੋਪੜਾ ਅਤੇ ਸਕੂਲ ਮੁੱਖੀ ਪ੍ਰਿੰਸੀਪਲ ਪਰਵਿੰਦਰ ਸਿੰਘ ਰਾਣਾ,ਮਹਿੰਦਰਪਾਲ, ਸੁਰਜੀਤ ਸਿੰਘ,ਜਸਕਰਨ ਸਿੰਘ ਚਾਹਲ,ਪ੍ਰਭਾਤ,ਜਸਕਰਨ ਸਿੰਘ,ਮਨਜੀਤ ਕੌਰ, ਕਮਲਜੀਤ ਕੌਰ,ਸਤਿੰਦਰ ਕੌਰ, ਪੂਜਾ,ਸੁਨੀਤਾ, ਨਵਨੀਤ ਕੌਰ,ਭੂਮਿਕਾ,ਮੋਨਾ, ਦਿਵਾਂਸ਼ੀ, ਅੰਜਲੀ, ਉਰਮਿਲਾ, ਨੀਤੂ,ਨੂਤਨ ਅਤੇ ਸਮੂਹ ਵਿਦਿਆਰਥੀ ਹਾਜ਼ਿਰ ਸਨ।

