ਨਵਾਂਸ਼ਹਿਰ 13 ਅਕਤੂਬਰ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਸਕੂਲ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਸਵੇਰ ਦੀ ਸਭਾ ਵਿੱਚ ਪੁੱਜ ਕੇ ਅਤੇ ਬੱਚਿਆਂ ਦੇ ਰੂਬਰੂ ਹੋ ਕੇ ਉਨ੍ਹਾਂ ਨੂੰ ਸਾਈਬਰ ਸੁਰੱਖਿਆ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸਾਈਬਰ ਕ੍ਰਾਈਮ ਦੇ ਜਰੀਏ ਕਿਸ ਤਰ੍ਹਾਂ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਉਨ੍ਹਾਂ ਬੇਨਾਮ ਨੰਬਰਾਂ ਤੋਂ ਆਉਣ ਵਾਲੀਆਂ ਫੋਨ ਕਾਲਾਂ ਤੋਂ ਸੁਚੇਤ ਰਹਿਣ ਅਤੇ ਫੋਨਾਂ ਬੇਲੋੜੇ ਲਿੰਕ ਖੋਲਣ ਤੋਂ ਗੁਰੇਜ ਕਰਨ ਦੀ ਸਲਾਹ ਦਿੱਤੀ। ਇਸ ਤੋਂ ਇਲਾਵਾ ਏ ਐਸ ਆਈ ਪ੍ਰਵੀਨ ਕੁਮਾਰ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਦੋ ਪਹੀਆ ਵਾਹਨ ਚਲਾਉਣ ਵੇਲੇ ਹਮੇਸ਼ਾਂ ਹੈਲਮਟ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਰੋਡ ਤੇ ਚੱਲਣ ਵੇਲੇ ਹਰ ਤਰ੍ਹਾਂ ਦੀ ਸਾਵਧਾਨੀ ਵਰਤਣੀ ਚਾਹੀਦੀ ਹੈ। ਸਾਨੂੰ ਕੋਈ ਵੀ ਮੋੜ ਮੁੜਨ ਵੇਲੇ ਹਮੇਸ਼ਾ ਸੱਜੇ ਖੱਬੇ ਦਾ ਧਿਆਨ ਰੱਖਣਾ ਚਾਹੀਦਾ ਹੈ।ਇਸ ਮੌਕੇ ਉਨ੍ਹਾਂ ਨਸ਼ਿਆਂ ਵਿਰੁੱਧ ਵੀ ਬੱਚਿਆਂ ਨੂੰ ਜਾਗਰੂਕ ਕੀਤਾ ਤੇ ਕਿਹਾ ਕਿ ਨਸ਼ਾ ਵਿਦਿਆਰਥੀ ਜੀਵਨ ਲਈ ਬਹੁਤ ਹੀ ਘਾਤਕ ਹੈ ਜੋ ਕਿ ਬੱਚੇ ਨੂੰ ਘੁਣ ਵਾਂਗ ਖਾ ਜਾਂਦਾ ਹੈ ਤੇ ਬੱਚੇ ਮਾਨਸਿਕ ਰੋਗੀ ਹੋਣ ਤੋਂ ਇਲਾਵਾ ਸ਼ਰੀਰਕ ਰੋਗੀ ਵੀ ਬਣ ਰਹੇ ਹਨ। ਬੱਚਿਆਂ ਨੂੰ ਫਾਸਟ ਫੂਡ ਤੇ ਜੰਕ ਫੂਡ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ ਤੇ ਸਰੀਰਕ ਕਸਰਤ ਕਰਨੀ ਚਾਹੀਦੀ ਹੈ ਤਾਂ ਕਿ ਰਿਸਟ ਪੁਸ਼ਟ ਰਿਹਾ ਜਾ ਸਕੇ।ਇਸ ਮੌਕੇ ਰਾਜ ਪੁਰਸਕਾਰ ਜੇਤੂ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਏ ਐਸ ਆਈ ਪ੍ਰਵੀਨ ਕੁਮਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਵੱਲੋਂ ਕਹੀਆਂ ਗੱਲਾਂ ਦਾ ਬੱਚਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਲਈ ਕਿਹਾ ਗਿਆ।ਇਸ ਮੌਕੇ ਸੰਸਥਾ ਦੇ ਗੁਨੀਤ,ਰੇਖਾ ਜਨੇਜਾ,ਅਮਨਦੀਪ ਕੌਰ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਬਰਿੰਦਰ ਕੌਰ, ਗੁਰਪ੍ਰੀਤ ਕੌਰ, ਹਰਿੰਦਰ ਸਿੰਘ, ਸੁਸ਼ੀਲ ਕੁਮਾਰ, ਮਨਮੋਹਨ ਸਿੰਘ, ਸੁਖਵਿੰਦਰ ਲਾਲ,ਨਵਨੀਤ ਸਿੰਘ, ਕੁਲਵਿੰਦਰ ਸਿੰਘ, ਲਖਵੀਰ ਸਿੰਘ, ਬਲਜਿੰਦਰ ਸਿੰਘ ਤੇ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਬਾਕੀ ਸਟਾਫ ਹਾਜ਼ਰ ਸੀ।



