ਨਵਾਂਸ਼ਹਿਰ 11 ਨਵੰਬਰ (ਹਰਿੰਦਰ ਸਿੰਘ) ਸੂਬੇ ਦੇ ਸਕੂਲ ਸਿੱਖਿਆ ਵਿਭਾਗ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰਾਜ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਬੱਚਿਆਂ ਦੇ ਮਾਨਸਿਕ ਤੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਵੱਖ ਵੱਖ ਥਾਵਾਂ ਦੇ ਸਭਿਆਚਾਰਕ, ਧਾਰਮਿਕ, ਇਤਹਾਸਕ ਤੇ ਵਿਰਾਸਤੀ ਵਿਦਿਅਕ ਟੂਰ ਤੇ ਲਿਜਾਉਣ ਦੇ ਨਿਰਦੇਸ਼ ਪ੍ਰਾਪਤ ਹੋਏ ਹਨ! ਇਸੇ ਹੀ ਲੜੀ ਤਹਿਤ ਅੱਜ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡ ਜੇਤੂ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਵਿਦਿਅਕ ਟੂਰ ਲਗਾਇਆ। ਜਿਸ ਵਿਚ ਬੱਚਿਆਂ ਨੂੰ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਈ ਗਈ। ਪੀ ਐਮ ਸ਼੍ਰੀ ਸਸ ਸਕੂਲ ਲੰਗੜੋਆ ਦੇ ਬੱਚਿਆਂ ਨੇ ਪੰਜਾਬ ਦੇ ਸੱਭਿਆਚਾਰ ਦੀਆਂ ਕਲਾ ਕ੍ਰਿਤੀਆਂ ਦਰਸਾਉਂਦਾ ਅਤੇ ਧਰਮ ਤੇ ਵਿਰਸੇ ਨਾਲ ਜੋੜਦਾ “ਵਿਰਾਸਤ ਏ ਖਾਲਸਾ” ਦੇਖਿਆ ਗਿਆ। ਵਿਦਿਆਰਥੀਆਂ ਨੇ “ਵਿਰਾਸਤ ਏ ਖਾਲਸਾ” ਹੈਰੀਟੇਜ ਪਹੁੰਚ ਕੇ ਉਥੇ ਬਾਰੇ ਜਾਣਕਾਰੀ ਹਾਸਲ ਕਰਦਿਆਂ ਆਪਣੇ ਗਿਆਨ ਵਿੱਚ ਵਾਧਾ ਕੀਤਾ। ਉਪਰੰਤ ਬੱਚਿਆਂ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਾਏ ਗਏ। ਜਿੱਥੇ ਲੰਗੜੋਆ ਸਕੂਲ ਦੇ ਬੱਚੇ ਨਤਮਸਤਕ ਹੋਏ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਦੇ ਨਾਲ ਗਏ ਅਧਿਆਪਕ ਪ੍ਰੇਮ ਪਾਲ ਸਿੰਘ ਅਤੇ ਹਰਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਹਾੜੀ ਰਾਜਿਆਂ ਨਾਲ ਜੰਗਾਂ ਯੁਧਾਂ ਵਿਚ ਵਰਤੇ ਗਏ ਉਸ ਸਮੇਂ ਦੇ ਸ਼ਸਤਰਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਿਤਾਏ ਸਫਰ ਦਾ ਇਤਹਾਸ ਸਾਂਝਾ ਕੀਤਾ ਗਿਆ। ਇਸ ਮੌਕੇ ਮੈਡਮ ਮੀਨਾ ਰਾਣੀ ਅਤੇ ਅਮਨਦੀਪ ਕੌਰ ਵੱਲੋਂ ਕੇਸਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਬੱਚਿਆਂ ਨਾਲ ਵਿਸਥਾਰ ਪੂਰਵਕ ਸਾਂਝ ਪਾਈ ਤੇ ਕਿਹਾ ਕਿ ਸਾਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਆਪਣੇ ਧਰਮ ਵਿਰਸੇ ਨਾਲ ਜੁੜਨਾ ਚਾਹੀਦਾ ਹੈ। ਮੈਡਮ ਅਮਨਦੀਪ ਕੌਰ ਨੇ ਦੱਸਿਆ ਕਿ ਕਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ੧੩ ਅਪ੍ਰੈਲ ੧੬੯੯ ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਨਿਆਰਾ ਖਾਲਸਾ ਪ੍ਰਗਟ ਕੀਤਾ।ਟੂਰ ਤੇ ਗਏ ਸਕੂਲੀ ਬੱਚਿਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ ਅਤੇ ਵਾਪਸੀ ਕੇਸਗੜ੍ਹ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਗੁਰੂ ਕਾ ਲੰਗਰ ਛਕਾਇਆ ਗਿਆ।



