ਨਵਾਂਸ਼ਹਿਰ 12 ਨਵੰਬਰ (ਹਰਿੰਦਰ ਸਿੰਘ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ -1, ਲੁਧਿਆਣਾ ਦੀ ਅਗਵਾਈ ਹੇਠ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ 11 ਨਵੰਬਰ, 2025 ਨੂੰ ਬਲਾਕ ਸੜੋਆ ਦੇ ਕਿਸਾਨਾਂ ਲਈ”ਕੁਦਰਤੀ ਖੇਤੀ” ਬਾਰੇ ਇੱਕ ਦਿਨ ਦੀ ਸਿਖਲਾਈ ਕੈਂਪ ਲਗਾਇਆ। ਡਾ. ਪਰਦੀਪ ਕੁਮਾਰ, ਉਪ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਦੀ ਅਗਵਾਈ ਹੇਠ ਲਗਾਏ ਗਏ ਇਸ ਸਿਖਲਾਈ ਪ੍ਰੋਗਰਾਮ ਵਿੱਚ ਲਗਭਗ 50 ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਹਿੱਸਾ ਲਿਆ।ਡਾ. ਬਲਜੀਤ ਸਿੰਘ, ਸਹਾਇਕ ਪ੍ਰੋਫੈਸਰ (ਕੀਟ ਵਿਗਿਆਨ) ਨੇ ਪ੍ਰੋਗਰਾਮ ਵਿਚ ਆਏ ਹੋਏ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਮੌਜੂਦਾ ਸਥਿਤੀ ਵਿੱਚ ਕੁਦਰਤੀ ਖੇਤੀ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕੁਦਰਤੀ ਖੇਤੀ ਵਿੱਚ ਪ੍ਰਭਾਵਸ਼ਾਲੀ ਕੀਟ ਪ੍ਰਬੰਧ ਅਤੇ ਬੀਜ ਅਮ੍ਰਿੰਤ, ਜੀਵ ਅਮ੍ਰਿੰਤ, ਘਣ ਜੀਵ ਅਮ੍ਰਿੰਤ, ਨੀਮ ਅਸਤਰ, ਬ੍ਰਹਮ ਅਸਤਰ ਅਤੇ ਅਗਨੀ ਅਸਤਰ ਤਿਆਰ ਕਰਨ ਦੇ ਵੱਖ ਵੱਖ ਢੰਗਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਕੁਦਰਤੀ ਖੇਤੀ ਦੇ ਮੁੱਢਲੇ ਨਿਯਮਾਂ ਅਤੇ ਵਿਵਹਾਰਿਕ ਪਹਿਲੂਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਪੇਸ਼ ਕੀਤਾ, ਜਿਸ ਵਿੱਚ ਰਸਾਇਣ- ਮੁਕਤ, ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਨ੍ਹਾਂ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਦਾ ਸ਼ਮੂਲੀਅਤ ਅਤੇ ਉਤਸ਼ਾਹ ਲਈ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕੀਤੀ। ਇਸ ਸਿਖਲਾਈ ਪ੍ਰੋਗਰਾਮ ਨੇ ਕਿਸਾਨਾਂ ਨੂੰ ਮਾਹਿਰਾਂ ਨਾਲ ਗੱਲਬਾਤ ਕਰਨ, ਤਜ਼ਰਬੇ ਸਾਂਝੇ ਕਰਨ ਅਤੇ ਕੁਦਰਤੀ ਖੇਤੀ ਸਿਫਾਰਿਸ਼ਾਂ ਬਾਰੇ ਅਮਲੀ ਗਿਆਨ ਪ੍ਰਾਪਤ ਕਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕੀਤਾ।

