ਨਵਾਂਸ਼ਹਿਰ 14 ਨਵੰਬਰ (ਹਰਿੰਦਰ ਸਿੰਘ) ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਅੱਜ ਮਿਤੀ 14 ਨਵੰਬਰ ਨੂੰ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਲੱਗਭਗ 200 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ।ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਕੇਸ਼ ਸ਼ਰਮਾ,ਪ੍ਰੋਜੈਕਟ ਡਾਇਰੈਕਟਰ ਆਤਮਾ ਡਾ ਕੰਵਲਦੀਪ ਸਿੰਘ ਸੰਘਾ, ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਤੋਂ ਡਾ ਅਮਿਨ ਭੱਟ (ਭੂਮੀ ਵਿਗਿਆਨੀ) ਅਤੇ ਡਾ ਰਮਨਦੀਪ ਕੌਰ (ਫ਼ਸਲ ਵਿਗਿਆਨੀ) ਜੀ ਨੇ ਸ਼ਿਰਕਤ ਕਰਕੇ ਵੱਡਮੁੱਲੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ। ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਦੇ ਦੌਰਾਨ ਡਾ. ਪ੍ਰਦੀਪ ਕੁਮਾਰ ਉਪ ਨਿਰਦੇਸ਼ਕ(ਸਿਖਲਾਈ) ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਚਾਨਣਾ ਪਾਇਆ ਅਤੇ ਖੇਤੀ ਮਸ਼ੀਨਰੀ ਦੀ ਵਰਤੋਂ ਰਾਹੀਂ ਝੋਨੇ ਦੀ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਖੇਤੀ ਦੇ ਨਾਲ ਨਾਲ ਸਹਾਇਕ ਖੇਤਰਾਂ ਵਿੱਚ ਪੀ.ਏ.ਯੂ ਵੱਲੋਂ ਸਿਫਾਰਿਸ਼ ਕੀਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੀ ਅਪੀਲ ਕੀਤੀ।ਡਾ. ਜਸਵਿੰਦਰ ਕੁਮਾਰ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਪਰਾਲੀ ਨੂੰ ਅੱਗ ਨਾ ਲਾਉਣ ਬਾਰੇਚਲਾਈ ਮੁਹਿੰਮ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੇ ਜਿਲ੍ਹੇ ਦੇ ਕਿਸਾਨਾਂ ਦੀ ਸ਼ਲਾਘਾ ਕੀਤੀ, ਉਨ੍ਹਾਂ ਨੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾਕੇ ਕਣਕ ਦੀ ਬਿਜਾਈ ਦੇ ਵੱਖ ਵੱਖ ਢੰਗਾਂ ਅਤੇ ਸਫ਼ਲ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕਰਦਿਆ ਹੈਪੀਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫੇਸ ਸੀਡਰ ਮਸ਼ੀਨਾਂ ਦੀ ਵਰਤੋਂ ਦੀਆਂ ਵਿਸ਼ੇਸ਼ਤਾਵਾਂ ਅਤੇ ਸਾਵਧਾਨੀਆਂ ਬਾਰੇ ਦੱਸਿਆ ।ਡਾ. ਆਰਤੀ ਵਰਮਾ, ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਘਰੇਲੂ ਪੌਸ਼ਟਿਕ ਬਗੀਚੀ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਕੁਦਰਤੀ ਖੇਤੀ ਤਹਿਤ ਰਸਾਇਣ-ਮੁਕਤ, ਸਰਦੀਆਂ ਦੀਆਂ ਸਬਜ਼ੀਆਂ ਦੀ ਕਾਸ਼ਤ ‘ਤੇ ਵਿਸ਼ੇਸ਼ ਜ਼ੋਰ ਦਿੱਤਾ।ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪੀ ਏ ਯੂ – ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਿਰਸਾਨੀ ਪ੍ਰਤੀ ਹੋ ਰਹੀਆਂ ਗਤੀਵਿਧੀਆਂ ਅਤੇ ਸਵੈ-ਰੁਜ਼ਗਾਰ ਬਾਰੇ ਚਾਨਣਾ ਪਾਇਆ।ਸ੍ਰੀਮਤੀ ਰੇਨੂ ਬਾਲਾ,ਡਮਾਂਸਟ੍ਰੇਟਰ (ਗ੍ਰਹਿ ਵਿਗਿਆਨ) ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ।


