ਨਵਾਂਸ਼ਹਿਰ 16 ਨਵੰਬਰ (ਹਰਿੰਦਰ ਸਿੰਘ) ਨਵਾਂ ਸ਼ਹਿਰ ਵਿਖੇ ਵੱਖ ਵੱਖ ਥਾਵਾਂ ਤੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ! ਚੰਡੀਗੜ੍ਹ ਚੌਂਕ ਸਥਿਤ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਮੌਕੇ ਸ਼੍ਰੀ ਬਾਰਾਂਮਾਹ ਸਾਹਿਬ ਦੇ ਪਾਠ ਕੀਤੇ ਗਏ ਤੇ ਇਸ ਮੌਕੇ ਤੇ ਗ੍ਰੰਥੀ ਭਾਈ ਰਾਹੁਲ ਸਿੰਘ ਨੇ ਮੱਘਰ ਮਹੀਨੇ ਦੀ ਮਹੱਤਵ ਬਾਰੇ ਸੰਗਤਾਂ ਨਾਲ ਸਾਂਝ ਪਾਈ ਅਤੇ ਭਾਈ ਸੁਖਬੀਰ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਦੀ ਹਾਜ਼ਰੀ ਭਰੀ। ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਸੰਗਤਾਂ ਨੂੰ ਮੱਘਰ ਮਹੀਨੇ ਦੀ ਆਰੰਭਤਾ ਮੌਕੇ ਵਧਾਈ ਦਿੱਤੀ ਅਤੇ ਆਉਣ ਵਾਲੇ ਦਿਨਾਂ ਵਿੱਚ ਮਨਾਏ ਜਾਣ ਵਾਲੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਪ੍ਰੋਗਰਾਮਾਂ ਸਬੰਧੀ ਸੰਗਤਾਂ ਨਾਲ ਸਾਂਝ ਪਾਈ। ਗ੍ਰੰਥੀ ਭਾਈ ਮਨਜੀਤ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਅਖੀਰ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਹਾਜ਼ਰੀਨ ਮੌਕੇ ਪ੍ਰਧਾਨ ਮੱਖਣ ਸਿੰਘ ਗਰੇਵਾਲ, ਹਰਪਾਲ ਸਿੰਘ ਪਨੇਸਰ, ਕੁਲਵਿੰਦਰ ਸਿੰਘ ਆਦਿ ਤੋਂ ਇਲਾਵਾ ਸ਼ਹਿਰ ਦੀ ਸੰਗਤ ਨੇ ਹਾਜ਼ਰੀ ਭਰੀ।ਇਸੇ ਤਰ੍ਹਾਂ ਧਰਮਸ਼ਾਲਾ ਭੁੱਚਰਾ ਮੁਹੱਲਾ ਰੇਲਵੇ ਰੋਡ ਸਥਿਤ ਰੈਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਵੀ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ ਦੀ ਵਿਸ਼ੇਸ਼ ਅਗਵਾਈ ਅਤੇ ਵਿਸ਼ੇਸ਼ ਸੁਨੇਹੇ ਹੇਠ ਕੇਂਦਰ ਵਿਖੇ ਮੱਘਰ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ।ਜਿਸ ਵਿਚ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਦੇ ਗ੍ਰੰਥੀ ਭਾਈ ਮਨਜੀਤ ਸਿੰਘ ਨੇ ਬਾਰਾਂਮਾਹ ਦੇ ਪਾਠ ਉਪਰੰਤ ਮੱਘਰ ਮਹੀਨੇ ਦੀ ਵਿਆਖਿਆ ਕੀਤੀ ਤੇ ਸ਼ੁਕਰਾਨੇ ਵਜੋਂ ਅਰਦਾਸ ਕੀਤੀ ਗਈ। ਸਮਾਪਤੀ ਤੇ ਚਾਹ ਦਾ ਲੰਗਰ ਵਰਤਾਇਆ ਗਿਆ।ਇਸ ਮੌਕੇ ਪੱਤਰਕਾਰ ਤੇ ਗੀਤਕਾਰ ਵਾਸਦੇਵ ਪਰਦੇਸੀ, ਪੱਤਰਕਾਰ ਹਰਿੰਦਰ ਸਿੰਘ,ਕੁਲਵੰਤ ਸਿੰਘ, ਮਨਜੀਤ ਸਿੰਘ, ਬਲਜੀਤ ਕੁਮਾਰ,ਕੋਮਲ ਰਾਣੀ ਤੋਂ ਇਲਾਵਾ ਦਾਖਲ ਮਰੀਜ਼ਾਂ ਨੇ ਹਰ ਜਸ ਸਰਵਨ ਕੀਤਾ।


