ਨਵਾਂਸ਼ਹਿਰ 19 ਜਨਵਰੀ (ਹਰਿੰਦਰ ਸਿੰਘ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬਲਾਚੌਰ ਤਹਿਸੀਲ ਅਧੀਨ ਆਉਂਦੇ ਵੱਖ ਵੱਖ ਸਕੂਲਾਂ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਪਹਿਲੀ ਜਨਵਰੀ ਤੋਂ 31 ਜਨਵਰੀ ਤੱਕ ਮਨਾਏ ਜਾ ਰਹੇ ਟ੍ਰੈਫਿਕ ਜਾਗਰੂਕਤਾ ਮਹੀਨੇ ਤਹਿਤ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ। ਜ਼ਿਲ੍ਹਾ ਪੁਲਿਸ ਮੁਖੀ ਤੁਸ਼ਾਰ ਗੁਪਤਾ ਅਤੇ ਡੀਐਸਪੀ ਸੁਰਿੰਦਰ ਚਾਂਦ ਦੇ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਵਲੋਂ ਉਪ ਮੰਡਲ ਮੈਜਿਸਟਰੇਟ ਬਲਾਚੌਰ ਦੀ ਹਾਜ਼ਰੀ ਵਿੱਚ ਪਹਿਲਾਂ ਬਲਾਚੌਰ ਦੇ ਮੇਨ ਚੌਕ ਵਿੱਚ ਆਮ ਰਾਹਗੀਰਾਂ ਅਤੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ।ਪ੍ਰਵੀਨ ਕੁਮਾਰ (ਏ.ਐੱਸ.ਆਈ) ਇੰਚਾਰਜ ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈੱਲ ਨਵਾਂਸ਼ਹਿਰ ਵੱਲੋਂ ਵੱਖ ਵੱਖ ਸਕੂਲਾਂ ਵਿੱਚ ਜਿਸ ਵਿੱਚ ਸਸਸਸ (ਕੰਨਿਆ) ਬਲਾਚੌਰ, ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਅਤੇ ਮੇਨ ਚੌਕ ਬਲਾਚੌਰ ਵਿਖੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ, ਸੜਕ ਸੁਰੱਖਿਆ, ਹੈਲਮਟ ਪਹਿਨਣ ਦੀ ਮਹੱਤਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ, ਸੋਸ਼ਲ ਮੀਡੀਆ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਅਤੇ ਟ੍ਰੈਫਿਕ ਨਿਯਮਾਂਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੇ ਭਵਿੱਖ ਦੀ ਰੱਖਿਆ ਲਈ ਕਾਨੂੰਨੀ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਇਸ ਮੌਕੇ ਸਰਕਾਰੀ (ਕੰਨਿਆ)ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਪ੍ਰਿੰਸੀਪਲ ਪੂਜਾ ਗੁਪਤਾ ਅਤੇ ਸਟਾਫ ਮੈਂਬਰਾਂ ਵਿੱਚ ਧਰਮਪਾਲ ਅਤੇ ਸਤੀਸ਼ ਕੁਮਾਰ ਆਦਿ ਸਕੂਲ ਆਫ਼ ਐਮੀਨੈਂਸ ਮਹਿੰਦੀਪੁਰ ਦੇ ਪ੍ਰਿੰਸੀਪਲ ਜਗਮੋਹਨ ਸਿੰਘ, ਏ.ਆਰ.ਟੀ.ਓ ਹਰੀ ਓਮ ਅਤੇ ਸਹਾਇਕ ਆਰ.ਟੀ.ਓ ਇੰਦਰਪਾਲ ਤੋਂ ਇਲਾਵਾ ਥਾਣਾ ਸਿਟੀ ਬਲਾਚੌਰ ਦੇ ਮੁਖੀ ਸਬ ਇੰਸਪੈਕਟਰ ਰਾਮਪਾਲ, ਬਲਾਚੌਰ ਟ੍ਰੈਫਿਕ ਪੁਲਿਸ ਇੰਚਾਰਜ ਏ ਐੱਸ ਆਈ ਜੋਗਿੰਦਰ ਸਿੰਘ ਸਮੇਤ ਟ੍ਰੈਫਿਕ ਪੁਲਿਸ ਟੀਮ ਤੋਂ ਇਲਾਵਾ ਹੋਰ ਵੱਖ ਵੱਖ ਕਰਮਚਾਰੀ ਅਤੇ ਸਕੂਲਾਂ ਦੇ ਬੱਚੇ ਹਾਜ਼ਰ ਸਨ।



