ਨਵਾਂਸ਼ਹਿਰ 21 ਜਨਵਰੀ (ਹਰਿੰਦਰ ਸਿੰਘ) ਵਿਧਾਇਕ ਡਾ. ਸੁਖਵਿੰਦਰ ਸੁੱਖੀ ਦੇ ਪਿਤਾ ਰਾਮ ਕਿਸ਼ਨ ਦਾ ਅੰਤਿਮ ਸਸਕਾਰ ਅੱਜ ਗਹਿਰੇ ਦੁੱਖ ਅਤੇ ਗਮਗੀਨ ਮਾਹੌਲ ਵਿੱਚ ਹੋਇਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਾਰਟੀ ਦੇ ਆਗੂਆਂ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ, ਸਮਾਜਿਕ ਸੰਸਥਾਵਾਂ ਦੇ ਅਹੁਦੇਦਾਰਾਂ ਅਤੇ ਇਲਾਕੇ ਦੇ ਗਣਮਾਨਯ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਗਈ।ਅੰਤਿਮ ਸਸਕਾਰ ਮੌਕੇ ਹਰ ਅੱਖ ਨਮ ਸੀ ਅਤੇ ਸਾਰਾ ਮਾਹੌਲ ਸ਼ੋਕ ਵਿੱਚ ਡੁੱਬਿਆ ਹੋਇਆ ਸੀ। ਲੋਕਾਂ ਨੇ ਰਾਮ ਕਿਸ਼ਨ ਨੂੰ ਇੱਕ ਸਾਦਗੀ ਪਸੰਦ, ਧਾਰਮਿਕ ਅਤੇ ਸਮਾਜਿਕ ਸੋਚ ਵਾਲਾ ਵਿਅਕਤੀ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਸਾਰੀ ਉਮਰ ਇਮਾਨਦਾਰੀ ਅਤੇ ਮਿਹਨਤ ਨਾਲ ਆਪਣਾ ਜੀਵਨ ਬਿਤਾਇਆ ਅਤੇ ਪਰਿਵਾਰ ਨੂੰ ਸਹੀ ਮਾਰਗ ‘ਤੇ ਤੁਰਨ ਦੀ ਸਿੱਖ ਦਿੱਤੀ।ਇਸ ਦੌਰਾਨ ਵਿਧਾਇਕ ਡਾ. ਸੁਖਵਿੰਦਰ ਸੁੱਖੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਆਏ ਹੋਏ ਆਗੂਆਂ ਅਤੇ ਇਲਾਕਾ ਨਿਵਾਸੀਆਂ ਨੇ ਡੂੰਘਾ ਅਫ਼ਸੋਸ ਜ਼ਾਹਰ ਕੀਤਾ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਬਖ਼ਸ਼ੇ ਅਤੇ ਪਰਿਵਾਰ ਨੂੰ ਇਸ ਅਸਹਿਣਸ਼ੀਲ ਘੜੀ ਨੂੰ ਸਹਿਣ ਦੀ ਤਾਕਤ ਪ੍ਰਦਾਨ ਕਰੇ।ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਇਸ ਦੁੱਖ ਦੀ ਘੜੀ ਵਿੱਚ ਹਾਜ਼ਰੀ ਭਰਨ ਵਾਲੇ ਸਭ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਵੱਲੋਂ ਮਿਲਿਆ ਪਿਆਰ ਅਤੇ ਸਹਾਰਾ ਪਰਿਵਾਰ ਲਈ ਵੱਡੀ ਹਿੰਮਤ ਬਣਿਆ ਹੈ।


