ਨਵਾਂਸ਼ਹਿਰ 22 ਜਨਵਰੀ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਅੱਜ 22 ਜਨਵਰੀ ਨੂੰ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਧਰਮਕੋਟ (ਨਵਾਂਸ਼ਹਿਰ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਬਹਾਦਰ ਸਿੰਘ ਨੇ ਕੀਤੀ। ਇਸ ਮੌਕੇ ਤੇ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਭਾਈ ਘਨੱਈਆ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ । ਉਨ੍ਹਾਂ ਨੇ ਕਿਹਾ ਕਿ ਰੈੱਡ ਕਰਾਸ ਸੰਸਥਾ ਬਿਨਾ ਕਿਸੇ ਜਾਤੀ ਭੇਦਭਾਵ ਦੇ ਸਾਰੇ ਸੰਸਾਰ ਵਿੱਚ ਸਮਾਜਿਕ ਕਲਿਆਣ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਅੱਜ ਦੇ ਸਮੇਂ ਵਿੱਚ ਚਲ ਰਹੀ ਨਸ਼ੇ ਦੀ ਭਿਆਨਕ ਸਮੱਸਿਆ ਬਾਰੇ ਦੱਸਦਿਆ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੇ ਅਸਲੀ ਮੂਲ ਆਧਾਰ ਤੋਂ ਭਟਕ ਕੇ ਨਸ਼ੇ ਦੇ ਆਦੀ ਹੋ ਰਹੇ ਹਨ। ਜੋ ਕਿ ਸਾਡੇ ਭੱਵਿਖ ਲਈ ਬਹੁਤ ਵੱਡੀ ਸਮੱਸਿਆ ਆ ਕੇ ਖੜੀ ਹੋ ਗਈ ਹੈ। ਪਰ ਸਰਕਾਰ ਨੇ ਨਸ਼ੇ ਦੀ ਰੋਕਥਾਮ ਲਈ ਬਹੁਤ ਜੋਰ ਲਗਾਇਆ ਹੈ ਫਿਰ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ, ਜਿਸ ਦੇ ਨਤੀਜੇ ਨਕਰਾਤਮਕ ਆ ਰਹੇ ਹਨ। ਉਨ੍ਹਾਂ ਨੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਪੰਜਾਬ ਭਰ ਵਿੱਚ ਨਸ਼ੇ ਦੀ ਰੋਕਥਾਮ ਲਈ ਬਹੁਤ ਸਾਰੇ ਪੁਖਤਾ ਪ੍ਰਬੰਧ ਕੀਤੇ ਹਨ, ਨਸ਼ੇ ਦੇ ਆਦੀ ਵਿਅਕਤੀਆਂ ਲਈ ਫਰੀ ਹਸਪਤਾਲ ਖੋਲ੍ਹੇ ਹਨ ਜਿੱਥੇ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਆਪਣਾ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਸਾਡੀ ਨੌਜਵਾਨੀ ਆਪਣੇ ਸੱਭਿਆਚਾਰ ਅਤੇ ਗੁਰੂਆਂ ਦੀਆਂ ਸ਼ਹਾਦਤਾ ਨੂੰ ਭੁੱਲ ਗਈ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਹੀਦੀ ਯੋਧਿਆਂ ਨੇ ਆਪਣਾ ਖੂਨ ਵਹਾ ਕੇ ਇਸ ਦੇਸ਼ ਦੀ ਆਜਾਦੀ ਵਿੱਚ ਮੁੱਢਲਾ ਯੋਗਦਾਨ ਪਾਇਆ ਹੈ।ਕਈ ਵਾਰ ਨੌਜਵਾਨਾ ਨੂੰ ਨਸ਼ੇ ਦੇ ਪ੍ਰਤੀ ਜਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਮਾੜੀ ਸੰਗਤ ਵਿੱਚ ਦੋਸਤਾਂ ਨਾਲ ਮਿਲ ਕੇ ਨਸ਼ੇ ਦਾ ਸੇਵਨ ਕਰ ਲੈਂਦੇ ਹਨ, ਜਿਸ ਨਾਲ ਹੌਲੀ ਹੌਲੀ ਨੌਜਵਾਨ ਰੋਜਾਨਾ ਨਸ਼ੇ ਦੇ ਸੇਵਨ ਨਾਲ ਨਸ਼ੇ ਦੇ ਆਦੀ ਹੋ ਜਾਦੇ ਹਨ। ਇਸ ਨਾਲ ਬਾਆਦ ਵਿੱਚੋਂ ਨਸ਼ੇ ਨੂੰ ਛੱਡਣਾ ਉਨਾ ਲਈ ਬਹੁਤ ਮੁਸ਼ਕਿਲ ਹੋ ਜਾਦਾ ਹੈ ਕਿਉਕਿ ਸਰੀਰ ਵੀ ਨਸ਼ੇ ਦਾ ਆਦੀ ਹੋ ਜਾਦਾ ਹੈ।ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਨੌਜਵਾਨਾ ਨੂੰ ਆਪਣੇ ਅਮੀਰ ਵਿਰਸੇ ਅਤੇ ਸ਼ਹੀਦੀ ਯੋਧਿਆਂ,ਗੁਰੂਆਂ ਪੀਰਾਂ ਦੇ ਇਤਿਹਾਸ ਨਾਲ ਜੋੜਨ ਪਵੇਗਾ। ਉਨ੍ਹਾਂ ਨੂੰ ਨਸ਼ੇ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਣਾ ਪਵੇਗਾ ਤਾ ਹੀ ਨੌਜਵਾਨ ਜਾਗਰੂਕ ਹੋਣਗੇ। ਇਸ ਮੌਕੇ ਤੇ ਉਨਾ ਨੇ ਨਸ਼ੇ ਦੇ ਸੇਵਨ ਨਾਲ ਹੋਣ ਵਾਲੀਆ ਭਿਆਨਕ ਬਿਮਾਰੀਆਂ, ਕਾਲਾ ਪੀਲੀਆ ਅਤੇ ਐਚ. ਆਈ ਵੀ ਵਰਗੀਆਂ ਬਿਮਾਰੀਆਂ ਬਾਰੇ ਵੀ ਵਿਸਥਾਰਪੂਰਵਕ ਦੱਸਿਆ ਤਾਂ ਕਿ ਲੋਕ ਵੱਧ ਵੱਧ ਜਾਗਰੂਕ ਹੋ ਸਕਣ।ਇਸ ਮੌਕੇ ਤੇ ਕਮਲਜੀਤ ਕੌਰ(ਕੌਸਲਰ) ਨੇ ਕੇਂਦਰ ਦੇ ਕੰਮਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰਾ ਰੱਖਿਆ ਜਾਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਦਾ ਹੈ। ਇਸ ਮੌਕੇ ਤੇ ਬਹਾਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਨਸ਼ੇ ਦੇ ਪ੍ਰਤੀ ਜਾਗਰੂਕ ਕੀਤਾ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਦਿੱਤੀ ਜਾਣਕਾਰੀ ਨੂੰ ਸਾਨੂੰ ਆਪਣੀ ਜਿੰਦਗੀ ਵਿੱਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਨਸ਼ਿਆਂ ਵਰਗੀਆਂ ਸਮਾਜਿਕ ਬੁਰੀਆਂ ਤੋਂ ਜਾਗਰੂਕ ਰਹੀਏ ।ਇਸ ਮੌਕੇ ਤੇ ਜਸਵਿੰਦਰ ਪੰਚ, ਅਵਤਾਰ ਸਿੰਘ,ਸੀਮਾ ਰਾਣੀ ਆਂਗਣਵਾੜੀ ਵਰਕਰ,ਚੰਚਲ ਸਿੰਘ,ਸ਼ਮਸ਼ੇਰ ਸਿੰਘ, ਜਗਤਾਰ ਸਿੰਘ, ਜਸ਼ਪਿੰਦਰ ਸਿੰਘ, ਪਰਮਜੀਤ ਕੌਰ, ਸੰਦੀਪ ਕੌਰ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ।


