ਨਵਾਂਸ਼ਹਿਰ 23 ਫਰਵਰੀ (ਹਰਿੰਦਰ ਸਿੰਘ) ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਡਾਕਟਰ ਪ੍ਰਦੀਪ ਕੁਮਾਰ ਨੇ ਅੱਜ ਹਾੜੀ ਦੀ ਪੱਕ ਰਹੀ ਫ਼ਸਲ ਦੇ ਝਾੜ ਦਾ ਮੁਆਇਨਾ ਕੀਤਾ ਅਤੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਵਿੱਚ 95% ਕਣਕ ਦੇ ਖੇਤ ਦਾਣੇ ਪੈਣ ਦੇ ਮਹੱਤਵਪੂਰਨ ਪੜਾਅ ‘ਤੇ ਹਨ।ਇਸ ਸਾਲ ਕਣਕ ਦੀ ਬਿਜਾਈ ਹੇਠ ਰਕਬਾ ਪਿਛਲੇ ਸਾਲ ਦੇ ਬਰਾਬਰ ਹੈ। ਇਸ ਸਾਲ ਮੌਸਮ ਫ਼ਸਲ ਦੇ ਸ਼ੁਰੂਆਤ ਦੌਰਾਨ ਠੀਕ ਰਿਹਾ, ਪਰ ਫਰਵਰੀ ਮਹੀਨੇ ਦੌਰਾਨ ਜ਼ਿਲ੍ਹੇ ਵਿੱਚ ਅਚਾਨਕ ਮੌਸਮੀ ਤਬਦੀਲੀਆਂ ਆ ਰਹੀਆਂ ਹਨ। ਪੱਛਮੀ ਗੜਬੜੀ ਵਾਲੇ ਚੱਕਰਵਾਤਾਂ ਦੇ ਪ੍ਰਭਾਵ ਕਮਜੋਰ ਪੈਣ ਕਾਰਨ ਬਾਰਿਸ਼ ਵਿੱਚ ਦੇਰੀ ਹੋ ਰਹੀ ਹੈ, ਜਿਸ ਕਾਰਨ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਹਾਲਤ ਇਹ ਹੈ ਕਿ ਲੋਕ ਫਰਵਰੀ ਵਿੱਚ ਹੀ ਗਰਮੀ ਮਹਿਸੂਸ ਕਰਨ ਲੱਗ ਪਏ ਹਨ। ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਰਾਤ ਦਾ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਹਾਲਾਂਕਿ ਸਵੇਰੇ ਅਤੇ ਦੇਰ ਰਾਤ ਨੂੰ ਥੋੜ੍ਹੀ ਜਿਹੀ ਠੰਢ ਰਹਿੰਦੀ ਹੈ, ਦਿਨ ਵੇਲੇ ਸੂਰਜ ਤੇਜ਼ ਹੁੰਦਾ ਜਾ ਰਿਹਾ ਹੈ। ਪਿਛਲੇ ਹਫ਼ਤੇ ਤਾਪਮਾਨ ਵਿੱਚ ਲਗਾਤਾਰ ਵਾਧੇ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਆਮ ਨਾਲੋਂ ਤਾਪਮਾਨ 3 ਡਿਗਰੀ ਸੈਲਸੀਅਸ ਜਿਆਦਾ ਚੱਲ ਰਿਹਾ ਹੈ, ਜਿਸ ਨਾਲ ਕਣਕ ਦਾ ਝਾੜ ਘਟਣ ਦਾ ਖਤਰਾ ਹੈ । ਕਣਕ ਦੀ ਫ਼ਸਲ ਵਿੱਚ ਨਿਸਾਰੇ ਸਮੇਂ ਅਤੇ ਦਾਣੇ ਬਣਨ ਸਮੇਂ ਉੱਚ ਤਾਪਮਾਨ ਕਾਰਨ ਕਣਕ ਦੇ ਦਾਣੇ ਸੁੰਗੜ ਜਾਂਦੇ ਹਨ, ਫ਼ਸਲ ਛੇਤੀ ਪੱਕਦੀ ਹੈ ਅਤੇ ਮੰਡੀ ਵਿੱਚ ਜਿਣਸ ਦਾ ਸਹੀ ਮੁੱਲ ਨਹੀਂ ਮਿਲਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਸ਼ਹੀਦ ਭਗਤ ਸਿੰਘ ਨਗਰ ਦੇ ਮਾਹਿਰਾਂ ਵਲੋਂ ਕਿਸਾਨਾਂ ਨੂੰ ਕਣਕ ਦੀ ਫ਼ਸਲ ਨੂੰ ਨਿਸਾਰੇ ਸਮੇਂ ਗਰਮੀ ਤੋਂ ਬਚਾਓੁਣ ਲਈ ਫ਼ਸਲ ਨੂੰ ਹਲਕਾ ਪਾਣੀ ਲਗਾਉਣ ਅਤੇ ਕੈਮੀਕਲ ਪੋਟਾਸ਼ੀਅਮ ਨਾਈਟ੍ਰੇਟ ਦੇ ਛਿੜਕਾਅ ਦੀ ਸਿਫ਼ਾਰਸ਼ ਕੀਤੀ ਗਈ ਹੈ। ਹਲਕਾ ਪਾਣੀ ਲਗਾਉਣ ਨਾਲ ਫ਼ਸਲ ਡਿੱਗਣ ਤੋਂ ਬਚ ਜਾਂਦੀ ਹੈ ਪਰ ਜ਼ਮੀਨ ਵਿੱਚ ਮੌਜੂਦ ਨਮੀਂ ਫ਼ਸਲ ਨੂੰ ਗਰਮੀ ਤੋਂ ਬਚਾਉਦੀ ਹੈ। ਕਿਸਾਨ 4 ਕਿਲੋਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਛਿੜਕਾਅ ਕਰ ਸਕਦੇ ਹਨ । ਪਹਿਲਾ ਛਿੜਕਾਅ ਗੋਭ ਵਾਲਾ ਪੱਤਾ ਨਿੱਕਲਣ ਸਮੇਂ ਅਤੇ ਦੂਜਾ ਛਿੜਕਾਅ ਨਿਸਾਰੇ ਤੋਂ ਬਾਅਦ ਫੁੱਲਾਂ ਸਮੇਂ ਕਰਨ ਨਾਲ ਫ਼ਸਲ ਗਰਮੀ ਸਹਾਰਣ ਦੇ ਸਮਰੱਥ ਬਣ ਜਾਂਦੀ ਹੈ, ਕਣਕ ਦੇ ਦਾਣਿਆਂ ਦਾ ਵਾਧਾ ਸਹੀ ਹੁੰਦਾ ਹੈ, ਫ਼ਸਲ ਦੀ ਉਪਜ ਅਤੇ ਗੁਣਵੱਤਾ ਵੱਧਦੀ ਹੈ।

