ਨਵਾਂਸ਼ਹਿਰ 26 ਫਰਵਰੀ (ਹਰਿੰਦਰ ਸਿੰਘ) ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਅਤੇ ਖੇਤੀਬਾੜੀ ਵਿਭਾਗ ਵਲੋਂ ਹਾੜ੍ਹੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਡਾ. ਪ੍ਰਦੀਪ ਕੁਮਾਰ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਨੇ ਮੌਜੂਦਾ ਸਮੇਂ ਵੱਧ ਰਹੀ ਮੌਸਮੀ ਗਰਮੀ ਤੋਂ ਹਾੜ੍ਹੀ ਦੀ ਮੁੱਖ ਫਸਲ ਕਣਕ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ ਅਤੇ 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ (13:0:45) ਦੀ ਸਪਰੇਅ 200 ਲਿਟਰ ਪਾਣੀ ਵਰਤ ਕੇ ਕਰਨ ਦੀ ਸਲਾਹ ਦਿੱਤੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਫ਼ਸਲ ਵਿੱਚ ਪੀਲੀ ਕੁੰਗੀ ਬਿਮਾਰੀ ਤੋਂ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣ ਅਤੇ ਜਿੱਥੇ ਪੀਲੀ ਕੁੰਗੀ ਕਾਰਨ ਪੀਲਾ ਪਾਊਡਰ ਪੱਤਿਆਂ ਉੱਤੇ ਮਿਲੇ ਉਥੇ ਪੀਏਯੂ ਲੁਧਿਆਣਾ ਦੀਆਂ ਸਿਫਾਰਸ਼ਾਂ ਅਨੁਸਾਰ ਕੈਮੀਕਲ ਦਵਾਈ ਵਰਤ ਕੇ ਰੋਕਥਾਮ ਕਰਨ ਲਈ ਕਿਸਾਨਾਂ ਨੂੰ ਸਲਾਹ ਦਿੱਤੀ । ਡਾਕਟਰ ਜਸਵਿੰਦਰ ਕੁਮਾਰ ਨੇ ਆਉਂਦੇ ਸੀਜ਼ਨ ਦੌਰਾਨ ਗਰਮੀ ਰੁੱਤ ਦੀ ਮੂੰਗੀ, ਬਹਾਰ ਰੁੱਤ ਵਿੱਚ ਮੂੰਗਫ਼ਲੀ ਅਤੇ ਗੰਨੇ ਦੀ ਕਾਸ਼ਤ ਬਾਰੇ, ਸਾਉਣੀ ਰੁੱਤ ਵਿੱਚ ਮੱਕੀ, ਦਾਲਾਂ ਅਤੇ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਹੇਠ ਰਕਬਾ ਵਧਾਉਣਾ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਹਨਾਂ ਕੇ ਵੀ ਕੇ ਲੰਗੜੋਆ ਵੱਲੋਂ ਸਾਉਣੀ ਰੁੱਤ ਲਈ ਮੁਹੱਈਆ ਕਰਵਾਏ ਜਾ ਰਹੇ ਵੱਖ ਵੱਖ ਫ਼ਸਲਾਂ ਦੇ ਬੀਜਾਂ ਬਾਰੇ, ਕਿੱਤਾਮੁਖੀ ਕਿਸਾਨ ਸਿਖਲਾਈ ਕੋਰਸਾਂ ਬਾਰੇ ਅਤੇ ਪੀਏਯੂ ਲੁਧਿਆਣਾ ਵੱਲੋਂ ਲਗਾਏ ਜਾ ਰਹੇ ਕਿਸਾਨ ਮੇਲਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਤੋਂ ਖੇਤੀਬਾੜੀ ਅਫ਼ਸਰ ਡਾ. ਕਿਰਨਜੀਤ ਸਿੰਘ ਨੇ ਖੇਤੀਬਾੜੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਕਿਸਾਨ ਪੱਖੀ ਸਕੀਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਹਾੜ੍ਹੀ ਦੀਆਂ ਫਸਲਾਂ ਵਿੱਚ ਕੀੜ੍ਹਿਆਂ ਦੀ ਰੋਕਥਾਮ ਆਰਥਿਕ ਕਗਾਰ ਉੱਤੇ ਕਰਨ ਦੀ ਸਲਾਹ ਦਿੱਤੀ ਤਾਂ ਜੋ ਕਿਸਾਨ ਬੇਲੋੜੀਆਂ ਕੈਮੀਕਲ ਦਵਾਈਆਂ ਤੋਂ ਬਚ ਸਕਣ। ਡਾ. ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰਅਪੀਲ ਕੀਤੀ ਕਿ ਖੇਤੀ ਇਨਪੁੱਟ ਖਰੀਦਣ ਸਮੇਂ ਦੁਕਾਨਦਾਰ ਤੋਂ ਪੱਕਾ ਬਿੱਲ ਲਿਆ ਜਾਵੇ ਅਤੇ ਖੇਤੀਬਾੜੀ ਵਿਭਾਗ ਵਿੱਚ ਉਪਲੱਬਧ ਜਿਪਸਮ ਖਾਦ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਕੈਂਪ ਵਿੱਚ ਖੇਤੀ ਸਮੱਸਿਆਵਾਂ ਸਬੰਧੀ ਕਿਸਾਨਾਂ ਦੇ ਸਵਾਲਾਂ ਦੇ ਹੱਲ ਦੱਸੇ ਗਏ ਅਤੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ।


