ਨਵਾਂਸ਼ਹਿਰ 17 ਮਾਰਚ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲ਼ੋਂ ਪਿੰਡ ਅਮਰਗੜ੍ਹ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਬਲਜਿੰਦਰ ਸਿੰਘ ਸਮਾਜ ਸੇਵੀ ਨੇ ਕੀਤੀ। ਚਮਨ ਸਿੰਘ ਪ੍ਰਾਜੈਕਟ ਡਾਇਰੈਕਟਰ ਨੇ ਪਿੰਡ ਵਾਸੀਆਂ ਨੂੰ ਸਭ ਤੋਂ ਪਹਿਲਾਂ ਰੈੱਡ ਕਰਾਸ ਦੀ ਸਥਾਪਨਾ ਬਾਰੇ ਸੰਖੇਪ ਵਿੱਚ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਮੌਕੇ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਾ ਬਹੁਤ ਹੀ ਵੱਡੀ ਸਮੱਸਿਆ ਬਣ ਚੁੱਕਾ ਹੈ, ਕਿਉਕਿ ਅੱਜ ਜਿਆਦਾ ਗਿਣਤੀ ਵਿੱਚ ਨੌਜਵਾਨ ਵੀ ਨਸ਼ੇ ਦੀ ਗ੍ਰਿਫਤ ਵਿੱਚ ਆ ਰਹੇ ਹਨ । ਛੋਟੀ ਉਮਰ ਵਿੱਚ ਬੱਚਿਆਂ ਨੂੰ ਨਸ਼ੇ ਦੇ ਪ੍ਰਤੀ ਜਾਣਕਾਰੀ ਨਹੀਂ ਹੁੰਦੀ ਜਿਸ ਨਾਲ ਉਹ ਜਾਣੇ ਅਣਜਾਣੇ ਜਾਂ ਕਿਸੇ ਦੇ ਬਹਿਕਾਵੇ ਵਿੱਚ ਆ ਕੇ ਨਸ਼ੇ ਦਾ ਸੇਵਨ ਕਰ ਲੈਂਦੇ ਹਨ, ਤੇ ਬਾਅਦ ਵਿੱਚ ਉਹ ਹੋਲੀ ਹੋਲੀ ਛੋਟੇ ਨਸ਼ੇ ਤੋਂ ਲੈ ਕੇ ਵੱਡੇ ਨਸ਼ੇ ਜਿਵੇਂ ਕਿ ਹੈਰੋਇਨ ਵਰਗੇ ਨਸ਼ਿਆ ਦੀ ਗ੍ਰਿਫਤ ਵਿੱਚ ਫਸ ਜਾਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਵਿੱਚੋਂ ਨਸੇ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ ਅਤੇ ਭਾਰਤ ਸਰਕਾਰ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਦੇਸ਼ ਵਿੱਚੋੰ ਨਸ਼ੇ ਨੂੰ ਖਤਮ ਕਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੇ ਆਦੀ ਵਿਅਕਤੀ ਨੂੰ ਨਸ਼ਾ ਛੱਡਣ ਲਈ ਇੱਛਾ ਸ਼ਕਤੀ ਦਾ ਮਜਬੂਤ ਹੋਣਾ ਜਰੂਰੀ ਹੈ, ਇਸ ਲਈ ਮਰੀਜ ਨੂੰ ਹਸਪਤਾਲ ਵਿੱਚ ਦਾਖਿਲ ਹੋ ਕੇ ਨਸ਼ੇ ਤੋਂ ਮੁਕਤੀ ਮਿਲ ਸਕਦੀ ਹੈ। ਉਨ੍ਹਾਂ ਨੇ ਕਿਹਾ ਸਾਡੀ ਨੌਜਵਾਨੀ ਆਪਣੇ ਸੱਭਿਆਚਾਰ ਅਤੇ ਗੁਰੂਆਂ ਦੀਆਂ ਸ਼ਹਾਦਤਾ ਨੂੰ ਭੁੱਲ ਗਈ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਹੀਦੀ ਯੋਧਿਆਂ ਨੇ ਆਪਣਾ ਖੂਨ ਵਹਾ ਕੇ ਇਸ ਦੇਸ਼ ਦੀ ਆਜਾਦੀ ਵਿੱਚ ਮੁੱਢਲਾ ਯੋਗਦਾਨ ਪਾਇਆ ਹੈ ਇਸ ਲਈ ਸਾਨੂੰ ਆਪਣੇ ਇਤਿਹਾਸ ਅਤੇ ਸੱਭਿਅਤਾ ਨਾਲ ਜੁੜਨਾ ਚਾਹੀਦਾ ਹੈ ਤਾਂ ਅਜੋਕੇ ਸਮੇਂ ਵਿੱਚ ਚੱਲ ਰਹੀਆਂ ਸਮਾਜਿਕ ਕੁਰੀਤੀਆਂ ਤੋਂ ਬਚ ਸਕੀਏ । ਉਨ੍ਹਾਂ ਨੇ ਨਸ਼ੇ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹਨ, ਉਹ ਆਪ ਤਾਂ ਮਾਨਸਿਕ ਤੇ ਸਰੀਰਕ ਤੌਰ ਤੇ ਰੋਗੀ ਹੁੰਦੇ ਹਨ, ਇਸ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਰੋਗੀ ਹੁੰਦੇ ਹਨ। ਨਸ਼ੇ ਦੇ ਵਿਅਕਤੀ ਆਪਣਾ ਅਤੇ ਪਰਿਵਾਰ ਦਾ ਵੀ ਆਰਥਿਕ ਨੁਕਸਾਨ ਕਰਦੇ ਹਨ। ਨਸ਼ਾ ਦੇ ਆਦੀ ਵਿਅਕਤੀ ਤਾਂ ਸਰੀਰਕ ਅਤੇ ਮਾਨਸਿਕ ਤੌਰ ਪ੍ਰਭਾਵਿਤ ਹੁੰਦਾ ਹੀ ਹੈ, ਇਸ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਵੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦੇ ਹਨ। ਜਿਸ ਨਾਲ ਪਰਿਵਾਰ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਨਸ਼ਾ ਵਿਅਕਤੀ ਦੀ ਸਿਹਤ, ਰਿਸ਼ਤੇ ਅਤੇ ਨੌਜਵਾਨੀ ਦੇ ਭਵਿੱਖ ਨੂੰ ਤਬਾਹ ਕਰ ਦਿੰਦੇ ਹਨ। ਮਾਤਾ ਪਿਤਾ ਨੂੰ ਆਪਣੇ ਘਰ ਦਾ ਪਹਿਰੇਦਾਰ ਆਪ ਬਣਨਾ ਪੈਣਾ ਤਾਂ ਹੀ ਉਹ ਆਪਣੇ ਘਰ ਨੂੰ ਨਸ਼ਾ ਮੁਕਤ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਛੱਡਣ ਦੀ ਸ਼ੁਰੂਆਤ ਅਸੀ ਆਪਣੇ ਘਰ ਤੋਂ ਕਰੀਏ ਤਾਂ ਜੋ ਸਾਡੇ ਪਰਿਵਾਰ ਦੇ ਨਾਲ ਨਾਲ ਸਮਾਜ ਵੀ ਨਸ਼ਾ ਮੁਕਤ ਹੋ ਸਕੇ । ਇਸ ਮੌਕੇ ਪ੍ਰਵੇਸ਼ ਕੁਮਾਰ ਪੀ ਆਰ ਐਜੂਕੇਟਰ ਨੇ ਕੇਂਦਰ ਦੇ ਕੰਮਾ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾਂ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰ੍ਹਾਂ ਰੱਖਿਆ ਜਾਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਦਾ ਹੈ। ਇਸ ਮੌਕੇ ਬਲਜਿੰਦਰ ਸਿੰਘ ਸਮਾਜ ਸੇਵੀ ਨੇ ਨਸ਼ੇ ਤੋਂ ਦੂਰ ਰਹਿਣ ਲਈ ਆਪਣੇ ਵਿਚਾਰ ਦਿੱਤੇ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰੈੱਡ ਕਰਾਸ ਇੱਕ ਅਜਿਹੀ ਸੰਸਥਾ ਹੈ ਜੋ ਮਨੁੱਖੀ ਸੇਵਾ ਲਈ ਕੰਮ ਕਰ ਰਹੀ ਹੈ , ਪੰਜਾਬ ਸਰਕਾਰ ਵਲੋ ਅਤੇ ਸੰਸਥਾਵਾਂ ਵਲੋਂ ਪੁਰਜੋਰ ਕਾਰਜ ਕੀਤਾ ਜਾ ਰਿਹਾ ਹੈ ਤਾਂ ਜੋ ਰਲ ਕੇ ਨਸ਼ਿਆਂ ਵਿੱਚ ਫਸੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਸਕੀਏ ਤਾਂ ਜੋ ਪੰਜਾਬ ਅਤੇ ਸਮਾਜ ਦਾ ਵਿਕਾਸ ਹੋ ਸਕੇ । ਇਸ ਮੌਕੇ ਤੇ ਗੁਰਮੇਲ ਸਿੰਘ, ਸਤਨਾਮ ਸਿੰਘ, ਪਰਮਜੀਤ ਲਾਲ(ਪੰਚ) , ਗੁਰਪਾਲ ਕੌਰ, ਕਰਮਜੀਤ ਕੌਰ, ਹਰਮੇਸ਼ ਲਾਲ, ਹੁਕਮ ਚੰਦ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।




