ਜਿੰਦਗੀ ਅਨਮੋਲ ਹੈ, ਨਸ਼ਿਆਂ ਦੇ ਲੇਖੇ ਨਾ ਲਾਓ – ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ 10 ਅਪ੍ਰੈਲ (ਹਰਿੰਦਰ ਸਿੰਘ) ਰੈਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਪਿੰਡ ਮਾਹੀ ਪੁਰ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ‌। ਕੈਂਪ ਦੀ ਪ੍ਰਧਾਨਗੀ ਰਿੰਪੀ ਦੇਵੀ (ਸਰਪੰਚ) ਨੇ ਕੀਤੀ।ਇਸ ਮੌਕੇ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਰੈੱਡ ਕਰਾਸ ਦੀ ਸਥਾਪਨਾ ਦੇ ਬਾਨੀ ਸਰ ਹੈਨਰੀ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ ਅਤੇ ਪੰਜਾਬ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆ ਦੇ ਜੀਵਨ ਬਾਰੇ ਦੱਸਿਆ । ਇਸ ਮੌਕੇ ਤੇ ਉਨ੍ਹਾਂ ਨੇ ਬੱਚਿਆਂ ਅਤੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਪਿੰਡ ਵਾਸੀਆਂ ਨੂੰ ਸਮਝਾਇਆ ਕਿ ਨਸ਼ੇ ਦੀ ਆਦਤ ਬਹੁਤ ਹੀ ਭਿਆਨਕ ਹੈ । ਕਈ ਵਾਰ ਛੋਟੇ ਬੱਚੇ ਵੀ ਅਣਜਾਣਤਾ ਵਿੱਚ ਆ ਕੇ ਨਸ਼ਿਆਂ ਦੀ ਵਰਤੋਂ ਕਰਨ ਲੱਗ ਜਾਦੇ ਹਨ, ਉਨਾਂ ਨੇ ਦੱਸਿਆ ਕਿ ਕਈ ਵਾਰ ਸਕੂਲ ਵਿੱਚ ਪੜ੍ਹਦੇ ਛੋਟੇ ਬੱਚੇ ਤੰਬਾਕੂ ਦੀ ਵਰਤੋਂ ਕਰਨ ਲੱਗ ਜਾਦੇ ਹਨ,ਜਿਸ ਨਾਲ ਕੈਂਸਰ ਦੀ ਬਿਮਾਰੀ ਹੁੰਦੀ ਹੈ, ਇਸ ਦੇ ਨਾਲ ਬੱਚੇ ਹੋਲੀ ਹੋਲੀ ਛੋਟੇ ਨਸ਼ਿਆਂ ਤੋਂ ਵੱਡੇ ਹੈਰੋਇਨ ਵਰਗੇ ਨਸ਼ਿਆਂ ਦੀ ਦਲਦਲ ਵਿੱਚ ਫਸ ਜਾਂਦੇ ਹਨ। ਨਸ਼ੇ ਦੀ ਵਰਤੋਂ ਨਾਲ ਵਿਅਕਤੀ ਮਾਨਸਿਕ ਅਤੇ ਸਰੀਰਕ ਰੋਗੀ ਹੋ ਜਾਂਦਾ ਹੈ, ਅਤੇ ਬੌਧਿਕ ਵਿਕਾਸ ਰੁੱਕ ਜਾਂਦਾ ਹੈ।ਨਸ਼ਿਆਂ ਦੀ ਵਰਤੋਂ ਕਰਨ ਵਾਲੇ ਨੌਜਵਾਨ ਜਾਂ ਵਿਅਕਤੀ ਕਾਲਾ ਪੀਲੀਆ, ਐਚ.ਆਈ .ਵੀ ਆਦਿ ਵਾਇਰਸ ਨਾਲ ਪ੍ਰਭਾਵਿਤ ਹੋ ਜਾਂਦੇ ਹਨ , ਨਿਪੁੰਸਕਤਾ ਵਿੱਚ ਵਾਧਾ ਹੋ ਰਿਹਾ ਹੈ । ਉਨ੍ਹਾਂ ਨੇ “ਯੁੱਧ ਨਸ਼ਿਆਂ ਵਿਰੁੱਧ “ਅਤੇ “ਨਸ਼ਾ ਮੁਕਤ ਭਾਰਤ ਅਭਿਆਨ”ਮੁਹਿੰਮ ਬਾਰੇ ਵਿਸਥਾਰਪੂਰਵਕ ਅੰਕੜਿਆਂ ਸਹਿਤ ਜਾਣਕਾਰੀ ਦਿੱਤੀ । ਉਨ੍ਹਾਂ ਨੇ ਦੱਸਿਆ ਕਿ ਬੱਚੇ ਨਸ਼ੇ ਦੀ ਲਤ ਨੂੰ ਪੂਰੀ ਕਰਨ ਲਈ ਗ਼ੈਰਕਾਨੂੰਨੀ ਅਤੇ ਗੈਰ ਸਮਾਜਿਕ ਢੰਗ ਅਪਣਾਉਂਦੇ ਹਨ ਜਿਸ ਨਾਲ ਉਹ ਜੇਲ੍ਹਾਂ ਵਿੱਚ ਬੰਦ ਹੋ ਰਹੇ ਹਨ ਅਤੇ ਹਰ ਛੇ ਘੰਟੇ ਬਾਅਦ ਇੱਕ ਵਿਅਕਤੀ ਨਸ਼ੇ ਦੀ ਭੇਟ ਚੜ ਜਾਂਦਾ ਹੈ । ਉਨ੍ਹਾਂ ਨੇ ਨਸ਼ਾ ਕਰ ਰਹੇ ਵਿਅਕਤੀ ਦੀ ਪਛਾਣ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦਲਦਲ ਵਿੱਚੋ ਬਾਹਰ ਕੱਢਣ ਲਈ ਉਨ੍ਹਾਂ ਦਾ ਸਾਥ ਦੇਣ ਲਈ ਨੁਕਤੇ ਵੀ ਸਾਂਝੇ ਕੀਤੇ । ਮਾਤਾ ਪਿਤਾ ਆਪਣੇ ਬੱਚਿਆਂ ਨੂੰ ਬਹੁਤਾ ਸਮਾਂ ਦੇਣ, ਸਕੂਲਾਂ ਕਾਲਜਾਂ ਵਿੱਚ ਉਹਨਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ,ਸੱਭਿਆਚਾਰ ਅਤੇ ਗੁਰੂਆਂ ਪੀਰਾਂ ਅਤੇ ਦੇਸ਼ ਭਗਤਾਂ ਦੇ ਜੀਵਨ ਸਬੰਧੀ ਪੁਸਤਕਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ। ਉਨ੍ਹਾਂ ਨੇ ਇਸ ਗੱਲ ਦੀ ਚਿੰਤਾ ਪ੍ਰਗਟ ਕੀਤੀ ਕਿ ਕੁੜੀਆਂ ਵੀ ਨਸ਼ੇ ਦੀ ਲਪੇਟ ਚ ਹੌਲੀ ਹੌਲੀ ਆ ਰਹੀਆਂ ਹਨ , ਜੇ ਤੁਸੀ ਸੁਚੇਤ ਨਾ ਹੋਏ ਤਾਂ ਪੰਜਾਬ ਦਾ ਇਤਿਹਾਸ ਕੁਝ ਹੋਰ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਨਸ਼ੇ ਨੂੰ ਛੱਡਣ ਦੀ ਸ਼ੁਰੂਆਤ ਅਸੀਂ ਆਪਣੇ ਘਰ ਤੋਂ ਕਰੀਏ ਤਾਂ ਜੋ ਸਾਡੇ ਪਰਿਵਾਰ ਦੇ ਨਾਲ ਨਾਲ ਸਮਾਜ, ਪੰਜਾਬ ਅਤੇ ਭਾਰਤ ਦੇਸ਼ ਵੀ ਨਸ਼ਾ ਮੁਕਤ ਹੋਵੇਗਾ ਅਤੇ ਦੁਨੀਆਂ ਨੂੰ ਚੰਗਾ ਸੰਦੇਸ਼ ਜਾਵੇਗਾ ।ਇਸ ਮੌਕੇ ਤੇ ਕਮਲਜੀਤ ਕੌਰ, ਕੌਂਸਲਰ ਨੇ ਸੈਂਟਰ ਵਿੱਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ ,ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ। ਇਸ ਮੌਕੇ ਤੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਨਸ਼ਾ ਮੁਕਤੀ ਸਬੰਧੀ ਪ੍ਰਣ ਦੁਆਇਆ ਇਸ ਮੌਕੇ ਤੇ ਨੀਲਮ ਕੁਮਾਰੀ (ਅਧਿਆਪਿਕਾ)ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਦਿੱਤੀ ਜਾਣਕਾਰੀ ਨੂੰ ਸਾਨੂੰ ਆਪਣੀ ਜਿੰਦਗੀ ਵਿੱਚ ਅਮਲ ਵਿੱਚ ਲਿਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਜਾਗਰੂਕ ਰਹੀਏ।ਸਕੂਲ ਸਟਾਫ ਮੈਂਬਰ, ਮਮਤਾ ਰਾਣੀ, ਤਮੰਨਾ, ਕੁਲਵਿੰਦਰ ਕੌਰ (ਆਂਗਨਵਾੜੀ ਵਰਕਰ) ਪ੍ਰੀਤੋ, ਕਰਨਵੀਰ , ਮਦਨ ਲਾਲ ਦਵਿੰਦਰ ਕੁਮਾਰ, ਜੋਗਿੰਦਰ ਪਾਲ, (ਪੰਚ) ਦਵਿੰਦਰ ਕੁਮਾਰ, ਰਾਮਪਾਲ , ਮਦਨ ਲਾਲ ,ਅਸ਼ੋਕ ਚੇਚੀ, ਵਿਦਿਆਰਥੀ ਅਤੇ ਪਿੰਡ ਵਾਸੀ ਮੌਜੂਦ ਸਨ ।

Leave a Reply

Your email address will not be published. Required fields are marked *

error: Content is protected !!