ਗੁਰਦੁਆਰਾ ਸਿੰਘ ਸਭਾ ਵਿਖੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਨਵਾਂਸ਼ਹਿਰ 9 ਅਕਤੂਬਰ (ਹਰਿੰਦਰ ਸਿੰਘ) ਚੰਡੀਗੜ੍ਹ ਚੌਂਕ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ 491 ਸਾਲਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੱਖਣ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰ ਦੇ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਸੰਗਤਾਂ ਨੇ ਹਰ ਜਸ ਸਰਵਨ ਕੀਤਾ ਅਤੇ ਸ਼ਾਮ ਨੂੰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਜਿਸ ਵਿੱਚ ਗੁਰਦੁਆਰਾ ਸਿੰਘ ਸਭਾ ਦੇ ਹਜੂਰੀ ਰਾਗੀ ਭਾਈ ਪ੍ਰਦੀਪ ਸਿੰਘ ਦੇ ਜਥੇ ਨੇ ਕੀਰਤਨ ਦੀ ਹਾਜ਼ਰੀ ਭਰੀ। ਉਨ੍ਹਾਂ ਸ੍ਰੀ ਰਾਮਦਾਸ ਸਾਹਿਬ ਜੀ ਦੀ ਬਾਣੀ ਚੋਂ ਉਨ੍ਹਾਂ ਦੀ ਮਹਿਮਾ ਦਰਸਾਉਂਦੇ ਸ਼ਬਦਾਂ ਦਾ ਰਾਗਾਂ ਵਿਚ ਵਿਖਿਆਨ ਕੀਤਾ ਉਪਰੰਤ ਭਾਈ ਰਾਹੁਲ ਸਿੰਘ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਨਵਾਂਸ਼ਹਿਰ ਨੇ ਕਥਾ ਵਿਚਾਰਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਫਲਸਫੇ ਨਾਲ ਸਬੰਧਤ ਗੁਰ ਇਤਿਹਾਸ ਬਾਰੇ ਚਾਨਣਾ ਪਾਇਆ। ਭਾਈ ਰਾਹੁਲ ਸਿੰਘ ਨੇ ਭਾਈ ਜੇਠਾ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਤੱਕ ਦਾ ਬਿਰਤਾਂਤ ਸ਼ਰਵਨ ਕਰਵਾਇਆ।ਇਸ ਤੋਂ ਉਪਰੰਤ ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਕੀ ਨੇ ਨਿਰੋਲ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਕਿਰਤਾਰਿਥ ਕੀਤਾ। ਬਾਅਦ ਵਿਚ ਭਾਈ ਹਰਜਿੰਦਰ ਸਿੰਘ ਗੰਗਾ ਨਗਰ ਵਾਲਿਆਂ ਨੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਜੀਵਨ ਬਾਰੇ ਅਤੇ ਸ੍ਰੀ ਗੁਰੂ ਅਮਰ ਦਾਸ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਕੌਤਕ ਤੇ ਘਟਨਾਵਾਂ ਦੀ ਸਾਂਝ ਸੰਗਤਾਂ ਨਾਲ ਪਾ ਕੇ ਉਨ੍ਹਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਅਤੇ ਅਮਰਜੀਤ ਸਿੰਘ ਖਾਲਸਾ ਨੇ ਆਪਣੇ ਸੁਨੇਹੇ ਵਿੱਚ ਸੰਗਤਾਂ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਗੁਰੂ ਪਾਤਸ਼ਾਹ ਆਪਣੇ ਜੀਵਨ ਨੂੰ ਬਤੀਤ ਕਰਨਾ ਚਾਹੀਦਾ ਹੈ। ਸੁਖਵਿੰਦਰ ਸਿੰਘ ਥਾਂਦੀ ਨੇ ਨਸ਼ਿਆਂ ਅਤੇ ਪਤਿਤਪੁਣੇ ਤੋਂ ਦੂਰ ਹੋ ਕੇ ਨਰੋਈ ਸਿਹਤ ਜਿਉਣ ਲਈ ਸੰਗਤਾਂ ਨੂੰ ਸੁਨੇਹਾ ਦਿੱਤਾ ਸਮਾਪਤੀ ਦੀ ਅਰਦਾਸ ਭਾਈ ਮਨਜੀਤ ਸਿੰਘ ਨੇ ਕੀਤੀ ਅਤੇ ਇਸ ਮੌਕੇ ਤੇ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਵੱਖ ਵੱਖ ਸੇਵਾ ਸੋਸਾਇਟੀਆਂ ਜਿਨ੍ਹਾਂ ਵਿੱਚ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਾਤਾਰ ਲੜੀਵਾਰ ਗੁਰਮਤਿ ਸਮਾਗਮ ਕਰਵਾ ਰਹੀ ਹੈ ਦੇ ਸਮੁੱਚੇ ਮੈਂਬਰ, ਗੁਰੂ ਕੀ ਰਸੋਈ ਦੇ ਮੈਂਬਰ ਅਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਇਲਾਕੇ ਦੀ ਸਾਧ ਸੰਗਤ ਮੌਜੂਦ ਸੀ।

Leave a Reply

Your email address will not be published. Required fields are marked *

error: Content is protected !!