ਰੈਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਖੇ ਦਿਵਾਲੀ ਅਤੇ ਬੰਦੀ ਛੋੜ ਦਿਵਸ ਮਨਾਇਆ

ਨਵਾਂਸ਼ਹਿਰ 18 ਅਕਤੂਬਰ ਹਰਿੰਦਰ (ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਧਰਮਸ਼ਾਲਾ ਭੁੱਚਰਾਂ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਬੰਦੀ ਛੋੜ ਦਿਵਸ ਤੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ । ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਵਲੋ ਕੀਤੀ ਗਈ । ਇਸ ਮੌਕੇ ਤੇ ਪ੍ਰੋਜੈਕਟ ਡਾਇਰੈਕਟਰ ਨੇ ਇਕੱਠ ਨੂੰ ਸੰਬੋਧਿਤ ਹੁੰਦਿਆਂ ਸਭ ਤੋਂ ਪਹਿਲਾ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਿੱਖਾਂ ਅਤੇ ਹਿੰਦੂਆਂ ਦਾ ਸਾਂਝਾ ਤਿਉਹਾਰ ਹੈ ਦੋ ਸਦੀਆਂ ਤੋਂ ਮਨਾਇਆ ਜਾ ਰਿਹਾ ਹੈ । ਉਨ੍ਹਾਂ ਨੇ ਦੀਵਾਲ਼ੀ ਦੇ ਇਤਿਹਾਸ ਅਤੇ ਮਿਥਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਹਾਂਰਿਸ਼ੀ ਬਾਲਮੀਕ ਜੀ ਨੇ ਸ੍ਰੀ ਰਾਮ ਦੀ ਅਯੁੱਧਿਆ ਵਾਪਸੀ ਤੇ ਉਨ੍ਹਾਂ ਨੂੰ ਨਾਇਕ ਪੇਸ਼ ਕੀਤਾ।ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾਅ ਹੋਣ ਸਮੇਂ ਬਵੰਜਾ ਰਾਜਿਆਂ ਨੂੰ ਆਜ਼ਾਦ ਕਰਵਾਇਆ ਤਾਂ ਬੰਦੀ ਛੋੜ ਕਹਿਲਾਏ। ਮਹਾਂਵੀਰ ਜੈਨ ਦਾ ਨਿਰਵਾਣ ਦਿਵਸ ਵੀ ਇਸ ਦਿਨ ਹੈ। ਸਵਾਲ ਇਹ ਹੈ ਕਿ ਅਸੀਂ ਭਾਰਤ ਵਾਸੀਆਂ ਨੂੰ ਇਹਨਾਂ ਦੇ ਜੀਵਨ ਜਾਂ ਇਤਿਹਾਸ ਨਾਲ ਜੋੜਿਆ ਹੈ। ਇਹਨਾਂ ਤਿਉਹਾਰਾਂ ਦੀ ਸਾਰਥਿਕਤਾ ਨੂੰ ਬਚਾਉਣ ਲਈ ਕਿਹੜੇ ਉਪਰਾਲੇ ਕੀਤੇ ਹਨ। ਅੱਜ ਅੰਧਵਿਸ਼ਵਾਸੀ ਬਣਦੇ ਜਾ ਰਹੇ ਹਾਂ ਅਤੇ ਬਾਜ਼ਾਰ ਵਿੱਚ ਭੀੜ ਵੱਧਦੀ ਜਾ ਰਹੀ ਹੈ।ਲੋਕ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਅਤੇ ਮਿਠਿਆਈਆਂ ਦੀ ਵਰਤੋਂ ਕਰਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਬਾਰੂਦ ਜਲਾ ਕੇ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਹਾਂ। ਆਵਾਜ਼ ਪ੍ਰਦੂਸ਼ਣ ਨਾਲ ਸੁਣਨ ਸ਼ਕਤੀ ਕਮਜ਼ੋਰ ਹੁੰਦੀ ਜਾ ਰਹੀ ਹੈ, ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਔਰਤ ਵਰਗ ਨਾਲ ਜਬਰ ਜਿਨਾਹ ਦੇ ਮਾਮਲੇ ਵੱਧ ਰਹੇ। ਕਿਰਤੀਆਂ ਦੀ ਹਾਲਤ ਤਰਸਯੋਗ ਹੈ।ਜਾਤ-ਪਾਤ ਨੂੰ ਖਤਮ ਕਰਨ ਲਈ ਸਮਾਜਿਕ ਸਮਾਨਤਾ ਅਤੇ ਆਰਥਿਕ ਲੁੱਟ ਰੋਕਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਸਾਨੂੰ ਚਾਹੀਦਾ ਹੈ ਕਿ ਇਸ ਦਿਨ ਨੂੰ ਸਭਾਵਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਕਿ ਅਜਿਹੇ ਤਿਉਹਾਰਾਂ ਦੀ ਪਵਿੱਤਰਤਾ ਬਣੀ ਰਹੇ।ਗਰੀਨ ਦਿਵਾਲੀ ਮਨਾਉਂਦੇ ਹੋਏ ਹਰ ਇਕ ਨੂੰ ਬੂਟੇ ਲਗਾਉਣੇ ਚਾਹੀਦੇ ਹਨ। ਬੁਰੀਆਂ ਆਦਤਾਂ ਨੂੰ ਤਿਆਗਣਾ ਚਾਹੀਦਾ ਹੈ।ਅਜਿਹਾ ਕਰਨ ਨਾਲ ਆਪਸੀ ਸਾਂਝ ਗੂੜ੍ਹੀ ਹੋਵੇਗੀ ਅਤੇ ਲੋਕਾਂ ਵਿਚ ਸਿਹਤ ਸੁਰੱਖਿਆ ਲਈ ਜਾਗਰੂਕਤਾ ਆਵੇਗੀ ਅਤੇ ਮਾਨਸਿਕ ਤੰਦਰੁਸਤੀ ਮਿਲੇਗੀ। ਉਸ ਤੋਂ ਬਾਅਦ ਕਮਲਜੀਤ , ਕੌਂਸਲਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ , ਉਨ੍ਹਾਂ ਨੇ ਕਿਹਾ ਕਿ ਦੀਵਾਲੀ ਵਾਲੇ ਦਿਨ ਦੀ ਰਾਤ ਨੂੰ ਦੀਵੇ ਜਗਾਏ ਜਾਂਦੇ ਹਨ। ਕੁਝ ਥਾਂਵਾਂ ‘ਤੇ ਇਹ ਤਿਉਹਾਰ ਰਵਾਇਤੀ ਸਾਦਗ਼ੀ ਅਨੁਸਾਰ ਨਹੀਂ ਮਨਾਇਆ ਜਾਂਦਾ ਸਗੋਂ ਇਸ ਦਿਨ ਲੱਖਾਂ ਕਰੋੜਾਂ ਰੁਪਿਆਂ ਦੀ ਆਤਸ਼ਬਾਜ਼ੀ ਚਲਾਈ ਜਾਂਦੀ ਹੈ ਤੇ ਮਨਾਉਣ ਦਾ ਢੰਗ ਵੀ ਬਹੁਤ ਨੁਮਾਇਸ਼ੀ ਤੇ ਦਿਖਾਵੇ ਵਾਲ਼ਾ ਹੋ ਗਿਆ ਹੈ। ਐਡੀ ਵੱਡੀ ਪੱਧਰ ’ਤੇ ਆਤਸ਼ਬਾਜ਼ੀ ਚਲਾਏ ਜਾਣ ਕਾਰਨ ਜੋ ਪ੍ਰਦੂਸ਼ਣ ਹੁੰਦਾ ਹੈ, ਉਸਦੀ ਸਥਿਤੀ ਐਨੀ ਗੰਭੀਰ ਹੈ ਕਿ ਭਾਰਤ ਦੀ ਸਰਬਉੱਚ ਅਦਾਲਤ ਨੂੰ ਨਿਰਦੇਸ਼ ਦੇਣੇ ਪਏ ਹਨ ਕਿ ਆਤਸ਼ਬਾਜ਼ੀ ਚਲਾਉਣ ਦਾ ਸਮਾਂ ਸੀਮਤ ਕੀਤਾ ਜਾਵੇ। ਦਿੱਲੀ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਤਾਂ ਪ੍ਰਦੂਸ਼ਣ ਇੰਨਾ ਵੱਧ ਜਾਂਦਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਅੰਤ ਵਿੱਚ ਉਨਾ ਨੇ ਇਸ ਦਿਵਸ ਤੇ ਸਾਰਿਆੰ ਨੂੰ ਦਿਵਾਲੀ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ । ਉਹਨਾਂ ਨੇ ਕਿਹਾ ਕਿ ਸਾਨੂੰ ਦਿਵਾਲੀ ਆਪਣੇ ਪਰਿਵਾਰ ਵਿੱਚ ਰਹਿ ਕਿ ਮਨਾਉਣੀ ਚਾਹੀਦੀ ਹੈ ਤੇ ਪ੍ਰਦੂਸ਼ਣ ਰਹਿਤ ਹੋਣੀ ਚਾਹੀਦੀ ਹੈ ਤੇ ਇਸ ਦਿਨ ਸਾਨੂੰ ਇੱਕ ਬੂਟਾ ਵੀ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਵਾਤਾਵਰਣ ਨੂੰ ਬਚਾ ਸਕੀਏ।ਇਸ ਮੌਕੇ ਤੇ ਮਨਜੀਤ ਸਿੰਘ, ਦਿਨੇਸ਼ ਕੁਮਾਰ, ਕੁਲਵੰਤ ਸਿੰਘ, ਪਰਵੀਨ ਕੁਮਾਰੀ, ਪਰਵੇਸ਼ ਕੁਮਾਰ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜਰ ਸਨ ।

Leave a Reply

Your email address will not be published. Required fields are marked *

error: Content is protected !!