ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਸਕੂਲ ਖਟਕੜ੍ਹ ਕਲਾਂ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਸੈਮੀਨਾਰ ਕਰਵਾਇਆ- ਨਸ਼ਾ ਸ਼ਰੀਰ ਲਈ ਘਾਤਕ: ਡਾਇਰੈਕਟਰ ਚਮਨ ਸਿੰਘ

ਨਵਾਂਸ਼ਹਿਰ 25 ਅਕਤੂਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਅੱਜ 25 ਅਕਤੂਬਰ ਸ਼ਹੀਦ- ਏ – ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਹਾਈ ਸਕੂਲ ਖਟਕੜ ਕਲਾਂ (ਨਵਾਂਸ਼ਹਿਰ ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਰੋਜੀ ਬਾਲਾ ਸਕੂਲ ਇੰਚਾਰਜ ਨੇ ਕੀਤੀ।ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਨਸ਼ਿਆ ਕਾਰਨ ਨੌਜਵਾਨੀ ਬਰਬਾਦ ਹੋ ਰਹੀ ਹੈ। ਰੋਜਾਨਾ ਹੀ ਚਾਰ ਨੌਜਵਾਨ ਆਪਣੀ ਜਿੰਦਗੀ ਤੋਂ ਹੱਥ ਧੋ ਬਹਿੰਦੇ ਹਨ। ਜਿੱਥੇ ਅੱਜ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਖ-ਵੱਖ ਅਭਿਆਨ ਰਾਹੀਂ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਕਾਰਜ ਕਰ ਰਹੀਆਂ ਹਨ, ਉੱਥੇ ਇੰਡੀਅਨ ਰੈੱਡ ਕਰਾਸ ਸੁਸਾਇਟੀ ਪੰਜਾਬ ਸਟੇਟ ਬ੍ਰਾਂਚ ਚੰਡੀਗੜ੍ਹ ਦੀ ਅਗਵਾਈ ਵਿੱਚ ਮਨਿਸਟਿਰੀ ਆਫ ਸ਼ੋਸਲ ਜਸਟਿਸ ਭਾਰਤ ਸਰਕਾਰ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਾ ਮੁਕਤ ਕਰਨ ਦਾ ਉਪਰਾਲਾ ਕਰ ਰਹੀ ਹੈ। ਉਨ੍ਹਾਂ ਨੇ ਵਿਸ਼ਵ ਰੈੱਡ ਕਰਾਸ ਸੰਸਥਾ ਦੀ ਹੋਂਦ ਅਤੇ ਦੁਨੀਆਂ ਭਰ ਵਿੱਚ ਚਲ ਰਹੇ ਇਨਸਾਨੀਅਤ ਦੇ ਭਲੇ ਲਈ ਜੋ ਕਾਰਜ ਚਲ ਰਹੇ ਹਨ ਉਹਨਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਉੱਥੇ ਇਸ ਤੋਂ ਦੂਰ ਰਹਿਣ ਬਾਰੇ ਵੀ ਨੁਕਤੇ ਸਾਂਝੇ ਕੀਤੇ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਬਾਰੇ ਦਸਦਿਆਂ ਕਿਹਾ ਕਿ ਸਾਨੂੰ ਸ: ਭਗਤ ਸਿੰਘ ਦੀ ਸੋਚ ਅਪਣਾ ਕੇ ਬੁਰੇ ਕੰਮਾਂ ਤੋਂ ਹਮੇਸ਼ਾਂ ਦੂਰ ਰਹਿਣਾ ਚਾਹੀਦਾ ਹੈ, ਕਿਉਕਿ ਨੌਜਵਾਨ ਹੀ ਦੇਸ਼ ਦਾ ਭਵਿੱਖ ਹਨ। ਵਿਦਿਆਰਥੀਆਂ ਨੂੰ ਆਪਣੀ ਮੰਜਿਲ ਤੇ ਪੰਹੁਚਣ ਲਈ ਸਖਤ ਮਿਹਨਤ ਕਰਨ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ ਨਾ ਕਿ ਕਿਸੇ ਗਲਤ ਰਸਤੇ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਬੱਚੇ ਅਣਜਾਣਤਾ ਵਿੱਚ ਆਪਣੇ ਵੱਡੇ ਸਾਥੀਆਂ ਦੇ ਪ੍ਰਭਾਵ ਹੇਠ ਨਸ਼ੇ ਦੀ ਵਰਤੋਂ ਕਰਨ ਲੱਗ ਜਾਂਦੇ ਹਨ, ਜਿਸਨੂੰ ਕਿ ਬਾਅਦ ਵਿੱਚ ਛੱਡਣਾ ਬਹੁਤ ਮੁਸ਼ਕਲ ਹੋ ਜਾਦਾ ਹੈ। ਨਸ਼ਿਆ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਿਕਰ ਕਰਦਿਆਂ ਦੱਸਿਆ ਕਿ ਕਾਲਾ ਪੀਲੀਆ ਅਤੇ ਐਚ ਆਈ ਵੀ ਵਰਗੇ ਵਾਇਰਸ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ, ਜੋ ਕਿ ਬਹੁਤ ਹੀ ਖਤਰਨਾਕ ਹਨ। ਨਸ਼ਿਆਂ ਦੀ ਵਰਤੋਂ ਨਾਲ ਸਮਾਜ ਦਾ ਤਾਣਾ – ਬਾਣਾ ਉਲਝ ਰਿਹਾ ਹੈ ਅਤੇ ਆਰਥਿਕ ਮੰਦਹਾਲੀ ਹੈ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਨੇ ਬੱਚਿਆਂ ਨੂੰ ਸਮਝਾਇਆ ਕਿ ਤੁਸੀਂ ਕਿਸੇ ਵੀ ਲਾਲਚ ਵਿੱਚ ਆ ਕੇ ਕਿਸੇ ਵੀ ਤਰਾਂ ਦਾ ਨਸ਼ਾ ਜਿਵੇਂ ਤੰਬਾਕੂ,ਸ਼ਰਾਬ , ਭੰਗ, ਹੈਰੋਇਨ, ਆਦਿ ਨਾ ਲੈਣ। ਉਨ੍ਹਾਂ ਨੂੰ ਇਸ ਗੱਲ ਤੋਂ ਵੀ ਜਾਗਰੂਕ ਕੀਤਾ ਕਿ ਸੁਪਨੇ ਪੂਰੇ ਕਰਨ ਲਈ ਮਾਨਸਿਕ ਤੰਦਰੁਸਤੀ ਵੀ ਜਰੂਰੀ ਹੈ ਕਿਉਕਿ ਨਸ਼ਾ ਕਰਨ ਵਾਲੇ ਲੋਕ ਮਾਨਸਿਕ ਤੌਰ ਤੇ ਬਿਮਾਰ ਹੋ ਜਾਂਦੇ ਹਨ। ਉਹ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ ਅਤੇ ਨਸ਼ੇ ਤੋ ਮੁਕਤੀ ਪਾਉਣ ਲਈ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਤੋਂ ਹੀ ਕਰਨੀ ਚਾਹੀਦੀ ਹੈ। ਜੇਕਰ ਕੋਈ ਪਰਿਵਾਰਕ ਮੈਂਬਰ ਨਸ਼ਾ ਕਰਦਾ ਹੈ ਤਾਂ ਉਨ੍ਹਾਂ ਨੂੰ ਉਸ ਦੇ ਮਾਰੂ ਸਿਟਿਆਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਤੇ ਰੋਜੀ ਬਾਲਾ ਇੰਚਾਰਜ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਅਤੇ ਰੈੱਡ ਕਰਾਸ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਸਾਡਾ ਸਟਾਫ ਅਤੇ ਵਿਦਿਆਰਥੀ ਵੀ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆ ਵਿਰੁੱਧ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਭਵਿੱਖ ਵਿੱਚ ਵੀ ਨਸ਼ਾ ਵਿਰੋਧੀ ਜਾਗਰੂਕਤਾ ਕੈੰਪ ਲਗਵਾਉਂਦੇ ਰਹਿਣਗੇ। ਇਸ ਮੌਕੇ ਤੇ ਪਰਵੇਸ਼ ਕੁਮਾਰ, ਸਕੂਲ ਸਟਾਫ ਮੈੰਬਰ ਸਿਮਰਨਜੀਤ ਕੌਰ,ਪਵਨਦੀਪ, ਅਮਨਦੀਪ ਕੌਰ, ਕਮਲਜੀਤ ਕੌਰ, ਅਵਤਾਰ ਕੌਰ, ਸਵਿਤਾ ਅਤੇ ਵਿਦਿਆਰਥੀ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!