ਨਵਾਂਸ਼ਹਿਰ 13 ਨਵੰਬਰ (ਹਰਿੰਦਰ ਸਿੰਘ) ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ ਮਿਤੀ 12 ਨਵੰਬਰ ਨੂੰ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 100 ਵਿਦਿਆਰਥੀਆਂ ਨੇ ਭਾਗ ਲਿਆ। ਇਹ ਕੈਂਪ ਡਾ. ਪ੍ਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਰੂਬੀ, ਲੈਕਚਰਾਰ (ਅੰਗਰੇਜ਼ੀ) ਨੇ ਕੇ.ਵੀ.ਕੇ. ਟੀਮ ਦਾ ਸੁਆਗਤ ਕਰਦਿਆ ਵਿਦਿਆਰਥੀਆਂ ਨੂੰ ਪਰਾਲੀ ਦੀ ਸਾਂਭ ਸੰਭਾਲ ਵਿਸ਼ੇ ਦੀ ਗੰਭੀਰਤਾ ਬਾਰੇ ਚਾਨਣਾ ਪਾਇਆ। ਸਭ ਤੋਂ ਪਹਿਲਾ ਰੇਨੂੰ ਬਾਲਾ,ਡਿਮਾਂਸਟੇਟਰ (ਗ੍ਰਹਿ ਵਿਗਿਆਨ) ਨੇ ਪੀ ਏ ਯੂ ਲੁਧਿਆਣਾ ਦੀ ਕਾਰਗੁਜਾਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਿਰਸਾਨੀ ਪਤੀ ਹੋ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਅਤੇ ਪਰਾਲੀ ਵਿੱਚ ਮੌਜੂਦ ਵੱਖ ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਸਕੂਲ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਅਹਿਮ ਜਿਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਖੇਤੀਬਾੜੀ ਵਿਸ਼ੇ ਦੀ ਪੜਾਈ ਬਾਰੇ ਪੀ ਏ ਯੂ ਵਿਖੇ ਚਲ ਰਹੇ ਕੋਰਸਾਂ ਅਤੇ ਦਾਖਲਾ ਲੈਣ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਪ੍ਰਦੀਪ ਕੁਮਾਰ, ਉਪ ਨਿਰਦੇਸ਼ਕ (ਸਿਖਲਾਈ) ਨੇ ਪਰਾਲੀ ਦੀ ਸਾਂਭ ਸੰਭਾਲ ਦੀ ਵਿਦਿਆਰਥੀਆਂ ਲਈ ਮੱਹਤਤਾ ਬਾਰੇ ਦੱਸਿਆ। ਉਨ੍ਹਾਂ ਨਾਲ ਹੀ ਪਰਾਲੀ ਦੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਹੀ ਮਿਲਾਉਣ ਦੇ ਫਾਇਦੇ ਅਤੇ ਸੰਬੰਧਿਤ ਮਸ਼ੀਨਰੀ ਬਾਰੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਦੱਸਿਆ।ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਅਤੇ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ।ਵੱਖ ਵੱਖ ਮੁਕਾਬਲੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਅਤੇ ਸਕੂਲ ਸਟਾਫ ਦੀ ਦੇਖ ਰੇਖ ਅਧੀਨ ਹੋਏ। ਏਸ ਮੌਕੇ ਇੱਕ ਵਿਦਿਆਰਥੀ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਇੱਕ ਸੁੰਦਰ ਕਵਿਤਾ ਵੀ ਪੇਸ਼ ਕੀਤੀ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਬੜੀ ਗਰਮਜੋਸ਼ੀ ਨਾਲ ਹਿੱਸਾ ਲਿਆ ਗਿਆ ਅਤੇ ਆਏ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਤਰਸੇਮ ਸਿੰਘ, ਕਾਲਜ ਪ੍ਰਿੰਸੀਪਲ, ਜਤਿੰਦਰ ਮੋਹਣ, ਸਕੂਲ ਇੰਚਾਰਜ, ਰੂਬੀ ਅਤੇ ਮਨਮੀਤ ਕੌਰ, ਪੰਜਾਬੀ ਅਧਿਆਪਕ ਨੇ ਆਏ ਮਾਹਿਰਾਂ ਦਾ ਧੰਨਵਾਦ ਕੀਤਾ।

