ਪੀ.ਏ.ਯੂ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਵੱਲੋਂ ਪੀ ਐੱਮ, ਸ਼੍ਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ)ਰਾਹੋਂ ਵਿਖੇ ਝੋਨੇ ਦੀ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਨਵਾਂਸ਼ਹਿਰ 13 ਨਵੰਬਰ (ਹਰਿੰਦਰ ਸਿੰਘ) ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਮੁਹਿੰਮ ਤਹਿਤ 13 ਨਵੰਬਰ ਨੂੰ ਪੀ.ਐੱਮ. ਸ਼੍ਰੀ. ਸੀਨੀਅਰ ਸੈਕੰਡਰੀ ਸਕੂਲ, ਰਾਹੋਂ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 522 ਸਕੂਲ ਵਿਦਿਆਰਥੀਆਂ ਨੇ ਭਾਗ ਲਿਆ। ਇਹ ਕੱਪ ਡਾ. ਪ੍ਰਦੀਪ ਕੁਮਾਰ, ਉਪ-ਨਿਰਦੇਸ਼ਕ (ਸਿਖਲਾਈ) ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼੍ਰੀ ਸਤਨਾਮ ਸਿੰਘ ਬਾਇਓਲੋਜੀ ਲੈਕਚਰਾਰ ਨੇ ਸਕੂਲ ਵੱਲੋਂ ਕੇ.ਵੀ.ਕੇ. ਟੀਮ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਪਰਾਲੀ ਦੀ ਸਾਂਭ ਸੰਭਾਲ ਵਿਸ਼ੇ ਦੀ ਗੰਭੀਰਤਾ ਬਾਰੇ ਚਾਨਣਾ ਪਾਇਆ। ਸਭ ਤੋਂ ਪਹਿਲਾਂ ਰੇਨੂ ਬਾਲਾ ਡਿਮਾਂਸਟੇਟਰ (ਗ੍ਰਹਿ ਵਿਗਿਆਨ) ਨੇ ਪੀ ਏ ਯੂ ਲੁਧਿਆਣਾ ਦੀ ਕਾਰਜਗੁਜ਼ਾਰੀ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਿਰਸਾਨੀ ਪ੍ਰਤੀ ਹੋ ਰਹੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।ਡਾ. ਰਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਅਤੇ ਪਰਾਲੀ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਸਕੂਲ ਵਿਦਿਆਰਥੀਆਂ ਨੂੰ ਇਸ ਜਾਗਰੂਕਤਾ ਮੁਹਿੰਮ ਵਿੱਚ ਅਹਿਮ ਜਿੰਮੇਵਾਰੀ ਨਿਭਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਵਿਦਿਆਰਥੀਆਂ ਨੂੰ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਬਾਰੇ ਪੀ ਏ ਯੂ ਵਿਖੇ ਚਲ ਰਹੇ ਕੋਰਸਾਂ ਅਤੇ ਦਾਖਲਾ ਲੈਣ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਡਾ. ਪ੍ਰਦੀਪ ਕੁਮਾਰ ਉਪ-ਨਿਰਦੇਸ਼ਕ (ਸਿਖਲਾਈ) ਨੇ ਪਰਾਲੀ ਦੀ ਸਾਂਭ ਸੰਭਾਲ ਦੀ ਵਿਦਿਆਰਥੀਆਂ ਲਈ ਮਹਤਤਾ ਬਾਰੇ ਦੱਸਿਆ।ਉਨ੍ਹਾਂ ਨਾਲ ਹੀ ਪਰਾਲੀ ਦੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਹੀ ਮਿਲਾਉਣ ਦੇ ਫਾਇਦੇ ਅਤੇ ਸੰਬੰਧਿਤ ਮਸ਼ੀਨਰੀ ਬਾਰੇ ਵਿਦਿਆਰਥੀਆਂ ਨੂੰ ਵੱਡਮੂਲੀ ਜਾਣਕਾਰੀ ਦਿੱਤੀ।ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ, ਕਵਿਤਾ ਅਤੇ ਪੇਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ। ਵੱਖ-ਵੱਖ ਮੁਕਾਬਲੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਿਰਾਂ ਅਤੇ ਸਕੂਲ ਸਟਾਫ ਦੀ ਦੇਖ-ਰੇਖ ਅਧੀਨ ਹੋਏ। ਏਸ ਮੌਕੇ ਸਕੂਲ ਦੀ ਵਿਦਿਆਰਥਣਾਂ ਨੇ ਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਇੱਕ ਨਾਟਕ ਵੀ ਪੇਸ਼ ਕੀਤਾ। ਇਹਨਾਂ ਮੁਕਾਬਲਿਆਂ ਵਿੱਚਵਿਦਿਆਰਥੀਆਂ ਵੱਲੋਂ ਬੜੀ ਗਰਮਜੋਸ਼ੀ ਨਾਲ ਹਿੱਸਾ ਲਿਆ ਗਿਆ ਅਤੇ ਆਏ ਮਹਿਮਾਨਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਵੀ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਵੱਲੋਂ ਸਤਨਾਮ ਸਿੰਘ ਬਾਇਓਲੋਜੀ ਲੈਕਚਰਾਰ ਨੇ ਆਏ ਕੇ ਵੀ ਕੇ ਮਾਹਿਰਾਂ ਦਾ ਧੰਨਵਾਦ ਕਰਦਿਆ ਸਨਮਾਨਿਤ ਵੀ ਕੀਤਾ । ਇਹ ਪ੍ਰੋਗਰਾਮ ਨੂੰ ਨਪਰੇ ਚਾੜਨ ਲਈ ਸਕੂਲ ਦੇ ਸਮੂਹ ਸਟਾਫ਼ ਮੈਂਬਰ ਦਵਿੰਦਰ ਕੌਰ,ਸਤਨਾਮ ਸਿੰਘ, ਗੁਰਸ਼ਰਨਦੀਪ,ਅਜੀਤ ਸਿੰਘ, ਚਰਨਜੀਤ ਸਿੰਘ,ਹਰਜਿੰਦਰ ਲਾਲ, ਰਾਜਨ ਰਾਣਾ, ਸਤਿੰਦਰ ਕੌਰ ਅਤੇ ਗਗਨਪ੍ਰੀਤ ਕੌਰ ਆਦਿ ਨੇ ਪੂਰਾ ਯੋਗਦਾਨ ਪਾਇਆ ।

Leave a Reply

Your email address will not be published. Required fields are marked *

error: Content is protected !!